ਖੇਤਰੀ ਪ੍ਰਤੀਨਿਧ
ਲੁਧਿਆਣਾ, 20 ਅਗਸਤ
ਇਥੇ ਸਕੂਲ ਸਿੱਖਿਆ ਵਿਭਾਗ ਵੱਲੋਂ ਓਪਨ ਡਿਸਟੈਂਸ ਲਰਨਿੰਗ ਅਧਿਆਪਕਾਂ (3442, 7654, 5178 ਭਰਤੀ) ਦੇ 8 ਸਾਲਾਂ ਤੋਂ ਰੋਕੇ ਰੈਗੂਲਰ ਆਰਡਰਾਂ ਜਾਰੀ ਕਰਵਾਉਣ ਅਤੇ 180 ਈਟੀਟੀ ਅਧਿਆਪਕਾਂ ’ਤੇ ਮੂਲ ਭਰਤੀ (4500 ਅਤੇ 2005 ਈਟੀਟੀ ਭਰਤੀ) ਦੀਆਂ ਸੇਵਾ ਸ਼ਰਤਾਂ ਤਹਿਤ ਪੰਜਾਬ ਤਨਖਾਹ ਸਕੇਲ ’ਤੇ ਪਿਛਲੀ ਸਰਵਿਸ ਦੇ ਸਾਰੇ ਲਾਭ ਬਹਾਲ ਕਰਵਾਉਣ ਸਬੰਧੀ ਸੰਘਰਸ਼ ਦੀ ਰੂਪ ਰੇਖਾ ਉਲੀਕਣ ਲਈ, ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀਟੀਐੱਫ) ਪੰਜਾਬ, ਓਡੀਐੱਲ (3442, 7654) ਅਧਿਆਪਕ ਯੂਨੀਅਨ ਅਤੇ 6505 ਈਟੀਟੀ ਟੈੱਟ ਪਾਸ ਅਧਿਆਪਕ ਐਸੋਸੀਏਸ਼ਨ (ਜੈ ਸਿੰਘ ਵਾਲਾ) ਦੇ ਆਗੂਆਂ ਦੀ ਭਰਵੀਂ ਮੀਟਿੰਗ ਡੀਟੀਐੱਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, 6505 ਈਟੀਟੀ ਦੇ ਸੂਬਾ ਆਗੂ ਕਮਲ ਠਾਕੁਰ ਅਤੇ ਓਡੀਐੱਲ ਅਧਿਆਪਕਾਂ ਦੇ ਸੂਬਾ ਆਗੂ ਬਲਜਿੰਦਰ ਗਰੇਵਾਲ ਦੀ ਸਾਂਝੀ ਅਗਵਾਈ ਵਿੱਚ ਹੋਈ। ਇਸ ਵਿੱਚ 25 ਸਤੰਬਰ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਚੋਣ ਹਲਕੇ ਆਨੰਦਪੁਰ ਸਾਹਿਬ ਵਿੱਚ ਸੂਬਾ ਪੱਧਰੀ ਇਨਸਾਫ ਰੈਲੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਮੌਕੇ ਡੀਟੀਐੱਫ ਦੇ ਮੁਕੇਸ਼ ਗੁਜਰਾਤੀ, ਅਸ਼ਵਨੀ ਅਵਸਥੀ, ਰਾਜੀਵ ਬਰਨਾਲਾ, ਬੇਅੰਤ ਫੂਲੇਵਾਲਾ ਅਤੇ ਜਗਪਾਲ ਬੰਗੀ, ਸੋਹਣ ਬਰਨਾਲਾ ਅਤੇ ਜਤਿੰਦਰ ਮਾਲੇਰਕੋਟਲਾ ਨੇ ਦੱਸਿਆ ਕਿ ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਵਲੋਂ 3442 ਅਤੇ 7654 ਭਰਤੀਆਂ ਵਿਚਲੇ ਸੈਂਕੜੇ ਹੋਰਨਾਂ ਓਡੀਐੱਲ ਅਧਿਆਪਕਾਂ ਨੂੰ ਰੈਗੂਲਰ ਕੀਤਾ ਜਾ ਚੁੱਕਾ ਹੈ, ਹਜ਼ਾਰਾਂ ਅਧਿਆਪਕਾਂ ਦੀ ਪ੍ਰਮੋਸ਼ਨ ਵੀ ਹੋ ਚੁੱਕੀ ਹੈ, ਪ੍ਰੰਤੂ ਬੇਇਨਸਾਫ਼ੀ ਅਤੇ ਪੱਖਪਾਤ ਕਰਦਿਆਂ 125 ਦੇ ਕਰੀਬ ਅਧਿਆਪਕਾਂ ਦੇ ਰੈਗੂਲਰ ਆਰਡਰਾਂ ਨੂੰ ਅਧਿਕਾਰ ਖੇਤਰ ਤੋਂ ਬਾਹਰ ਦੀ ਡਿਗਰੀ ਹੋਣ ਦੇ ਹਵਾਲੇ ਤਹਿਤ 8 ਸਾਲਾਂ ਤੋਂ ਪੈਂਡਿੰਗ ਰੱਖਿਆ ਹੋਇਆ ਹੈ। ਸਾਲ 2016 ਵਿੱਚ ਹੋਈ 4500 ਅਤੇ 2005 ਈਟੀਟੀ ਅਸਾਮੀਆਂ ਦੀ ਰੈਗੂਲਰ ਭਰਤੀ ਵਿੱਚੋਂ 180 ਅਧਿਆਪਕਾਂ ਦੀ ਪਿਛਲੇ ਪੰਜ ਸਾਲ ਦੀ ਸਰਵਿਸ ਨੂੰ ਜਬਰੀ ਖਤਮ ਕਰਦਿਆਂ ਮੁੱਢਲੀ ਭਰਤੀ ਦੀਆਂ ਸੇਵਾ ਸ਼ਰਤਾਂ ਤੋਂ ਵੱਖ ਕਰ ਦਿੱਤਾ ਅਤੇ ਨਿਯਮਾਂ ਤੋਂ ਉਲਟ ਨਵੇਂ ਤਨਖਾਹ ਸਕੇਲ ਮੜ੍ਹ ਦਿੱਤੇ ਹਨ। ਦੋਨੋਂ ਗੰਭੀਰ ਮਾਮਲਿਆਂ ਨੂੰ ਪੀੜਤ ਅਧਿਆਪਕਾਂ ਨਾਲ ਘੋਰ ਬੇਇਨਸਾਫ਼ੀ ਤੇ ਪੱਖਪਾਤ ਵਾਲੇ ਮੰਨਦੇ ਹੋਏ, ਫ਼ੈਸਲਾ ਕੀਤਾ ਗਿਆ ਹੈ ਕਿ 1 ਅਤੇ 2 ਸਤੰਬਰ 2022 ਨੂੰ ਪੰਜਾਬ ਭਰ ਵਿੱਚ ਜ਼ਿਲ੍ਹਾ ਸਿੱਖਿਆ ਅਫਸਰਾਂ (ਪ੍ਰਾਇਮਰੀ ਅਤੇ ਸੈਕੰਡਰੀ) ਰਾਹੀਂ ਸਮੂਹਿਕ ਰੂਪ ’ਚ ਸਿੱਖਿਆ ਮੰਤਰੀ ਦੇ ਨਾਂ ਦੋ-ਨੁਕਾਤੀ ਮੰਗ ਪੱਤਰ ਭੇਜੇ ਜਾਣਗੇ। 25 ਸਤੰਬਰ ਨੂੰ ਸਿੱਖਿਆ ਮੰਤਰੀ ਦੇ ਚੋਣ ਹਲਕੇ ਆਨੰਦਪੁਰ ਸਾਹਿਬ ’ਚ ‘ਇਨਸਾਫ ਰੈਲੀ’ ਕੀਤੀ ਜਾਵੇਗੀ ਤੇ ਮੰਗਾਂ ਪ੍ਰਤੀ ਹਾਂ ਪੱਖੀ ਪ੍ਰਤੀਕਿਰਿਆ ਨਾ ਮਿਲਣ ਦੀ ਸੂਰਤ ਵਿੱਚ ਸਿੱਖਿਆ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ।