ਗਗਨਦੀਪ ਅਰੋੜਾ
ਲੁਧਿਆਣਾ, 29 ਅਕਤੂਬਰ
ਪਿਛਲੇਂ ਕੁਝ ਸਮੇਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਪੈਟਰੋਲ ਉਤਪਾਦਾਂ ਦੀਆਂ ਕੀਮਤਾਂ ’ਚ ਰੋਜ਼ਾਨਾ ਨਵੇਂ ਰਿਕਾਰਡ ਦੇਖਣ ਨੂੰ ਮਿਲ ਰਹੇ ਹਨ। ਹੁਣ ਸਨਅਤੀ ਸ਼ਹਿਰ ’ਚ ਅੱਜ ਡੀਜ਼ਲ ਦਾ ਭਾਅ 100.13 ਰੁਪਏ ਹੋ ਗਿਆ, ਇਸ ਦੇ ਨਾਲ ਹੀ ਪੈਟਰੋਲ ਦਾ ਰੇਟ 110.18 ਰੁਪਏ ਪ੍ਰਤੀ ਲੀਟਰ ’ਤੇ ਪੁੱਜ ਗਏ ਹਨ। ਪੈਟਰੋਲ ਉਤਪਾਦਾਂ ਦੀਆਂ ਵੱਧ ਰਹੀਆਂ ਕੀਮਤਾਂ ਨਾਲ ਆਮ ਆਦਮੀ ਅਤੇ ਕਿਸਾਨਾਂ ਤੋਂ ਲੈ ਕੇ ਵਪਾਰ ਜਗਤ ਸਾਰੇ ਹੀ ਪ੍ਰੇਸ਼ਾਨ ਹਨ। ਪੈਟਰੋਲ ਉਤਪਾਦਾਂ ਦੇ ਭਾਅ ਵੱਧਣ ਕਾਰਨ ਮਹਿੰਗਾਈ ਨਾਲ ਹਰ ਪਾਸੇ ਪ੍ਰੇਸ਼ਾਨੀ ਹੈ, ਪਰ ਸਰਕਾਰਾਂ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ।
ਜਾਣਕਾਰੀ ਅਨੁਸਾਰ ਜਨਵਰੀ 2021 ਤੋਂ ਲੈ ਕੇ ਹੁਣ ਤੱਕ ਡੀਜ਼ਲ ਦੇ ਭਾਅ ’ਚ 24 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋ ਚੁੱਕਾ ਹੈ। ਜਦੋਂ ਕਿ ਪੈਟਰੋਲ ਦੀਆਂ ਕੀਮਤਾਂ ’ਚ ਲੱਗਪਗ 25 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਦੇਸ਼ ’ਚ ਪੈਟਰੋਲ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਦਾ ਬੋਝ ਆਮ ਆਦਮੀ ’ਤੇ ਪੈ ਰਿਹਾ ਹੈ, ਜਦੋਂ ਕਿ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਦੀਆਂ ਕਮਾਈ ਵੱਧ ਰਹੀ ਹੈ।
ਉਧਰ, ਪੈਟਰੋਲ ਤੇ ਡੀਜ਼ਲ ਦੀ ਮਹਿੰਗਾਈ ਨਾਲ ਪੰਪ ਮਾਲਕ ਵੀ ਪ੍ਰੇਸ਼ਾਨ ਹਨ। ਸੁਖਮਨੀ ਪੈਟਰੋਲ ਪੰਪ ਸੰਚਾਲਕ ਗੁਰਨਾਮ ਸਿੰਘ ਨੇ ਦੱਸਿਆ ਕਿ 2 ਸਾਲ ਪਹਿਲਾਂ ਜਦੋਂ ਪੈਟਰੋਲ ਦੀ ਕੀਮਤ 65 ਰੁਪਏ ਦੇ ਆਸਪਾਸ ਸੀ ਤਾਂ 20 ਹਜ਼ਾਰ ਲੀਟਰ ਦਾ ਟਰੱਕ 13 ਲੱਖ ਰੁਪਏ ’ਚ ਆ ਜਾਂਦਾ ਸੀ, ਪਰ ਹੁਣ ਪੈਟਰੋਲ ਦਾ ਟਰੱਕ 21 ਲੱਖ ਰੁਪਏ ’ਚ ਆਉਂਦਾ ਹੈ। ਪੈਟਰੋਲ ਪੰਪ ਮਾਲਕਾਂ ਦਾ ਨਿਵੇਸ਼ ਵੱਧ ਗਿਆ ਹੈ, ਜਦੋਂ ਕਿ ਉਨ੍ਹਾਂ ਨੂੰ ਕਮਿਸ਼ਨ ਅੱਜ ਵੀ ਉਨ੍ਹਾਂ ਹੀ ਮਿਲ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਡੀਜ਼ਲ ਦੇ 100 ਰੁਪਏ ਦੇ ਪਾਰ ਹੋਣ ਤੋਂ ਬਾਅਦ ਤਾਂ ਸਭ ਚੀਜ਼ਾਂ ਮਹਿੰਗੀਆਂ ਹੋ ਜਾਣਗੀਆਂ। ਫੈਕਟਰੀਆਂ, ਕਿਸਾਨਾਂ ਤੇ ਦੁਕਾਨਦਾਰਾਂ ’ਤੇ ਇਸਦਾ ਖਾਸਾ ਅਸਰ ਪੈਣਾ ਹੈ।
ਰਾਏਕੋਟ ’ਚ ਜ਼ਿਲ੍ਹੇ ਦਾ ਪਹਿਲਾ ਸੀਐਨਜੀ ਸਟੇਸ਼ਨ ਸ਼ੁਰੂ
ਰਾਏਕੋਟ (ਪੱਤਰ ਪ੍ਰੇਰਕ): ਇੱਕ ਵੱਡੀ ਵਾਤਾਵਰਨ ਪੱਖੀ ਪਹਿਲਕਦਮੀ ਤਹਿਤ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਅਤੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਪਹਿਲਾ ਥਿੰਕ ਗੈਸ ਆਨਲਾਈਨ ਸੀਐੱਨਜੀ. ਸਟੇਸ਼ਨ ਲੋਕ ਅਰਪਣ ਕੀਤਾ ਗਿਆ। ਜਿੱਥੇ ਰਾਏਕੋਟ ਸ਼ਹਿਰ ਦੇ ਖਪਤਕਾਰਾਂ ਨੂੰ 67 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਸੀ.ਐੱਨ.ਜੀ. ਉਪਲੱਬਧ ਹੋਵੇਗੀ। ਸੰਸਦ ਮੈਂਬਰ ਅਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਖਪਤਕਾਰਾਂ ਲਈ ਸਸਤਾ ਅਤੇ ਵਧੀਆਂ ਈਂਧਣ ਯਕੀਨੀ ਬਣਾਉਣ ਵੱਲ ਇੱਕ ਵੱਡਾ ਕਦਮ ਹੈ। ਇਸ ਨਾਲ ਇੱਕ ਪਾਸੇ ਵਾਤਾਵਰਨ ਪ੍ਰਦੂਸ਼ਣ ਨੂੰ ਰੋਕਣ ਵਿੱਚ ਮਦਦ ਮਿਲੇਗੀ ਅਤੇ ਦੂਜੇ ਪਾਸੇ ਖਪਤਕਾਰਾਂ ਨੂੰ ਇਸ ਸਸਤੇ ਅਤੇ ਭਵਿੱਖ ਦੇ ਈਂਧਣ ਦੀ ਉਪਲੱਬਧਤਾ ਯਕੀਨੀ ਹੋਵੇਗੀ। ਉਨ੍ਹਾਂ ਕਿਹਾ ਕਿ ਰਾਏਕੋਟ ਹਲਕੇ ਦੇ ਲੋਕ ਪਾਈਪਲਾਈਨ ਰਾਹੀਂ ਸੀਐੱਨਜੀ ਸਿੱਧੀ ਆਪਣੇ ਘਰਾਂ ਤੱਕ ਪ੍ਰਾਪਤ ਕਰ ਸਕਣਗੇ। ਡਾ. ਅਮਰ ਸਿੰਘ ਨੇ ਕਿਹਾ ਕਿ ਇਹ ਲੁਧਿਆਣਾ ਨੂੰ ਸਾਫ਼-ਸੁਥਰਾ, ਹਰਿਆ ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਲੰਬੀ ਮਿਆਦ ਦੀ ਯੋਜਨਾ ਦੀ ਸ਼ੁਰੂਆਤ ਹੈ ਅਤੇ ਜ਼ਿਲ੍ਹੇ ਭਰ ਵਿੱਚ ਥਿੰਕ ਗੈਸ ਦੇ ਅਜਿਹੇ ਹੋਰ ਪੰਪ ਵੀ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਅਜਿਹੇ 26 ਪੰਪ ਪਹਿਲਾਂ ਹੀ ਸਫਲਤਾਪੂਰਵਕ ਚੱਲ ਰਹੇ ਹਨ। ਗੈਸੀ ਈਂਧਣ ਦੀ ਸ਼ੁਰੂਆਤ ਨਾਲ ਜਿੱਥੇ ਲੋਕਾਂ ਨੂੰ ਨਿਰਵਿਘਨ ਅਤੇ ਸੁਚਾਰੂ ਈਂਧਣ ਮੁਹੱਈਆ ਕਰਾਉਣ ਦੇ ਨਾਲ-ਨਾਲ ਵਾਤਾਵਰਣ ਅਨੁਕੂਲ ਈਂਧਣ ਦੀ ਸ਼ੁਰੂਆਤ ਦਾ ਰਾਹ ਪੱਧਰਾ ਹੋਵੇਗਾ, ਉੱਥੇ ਹੀ ਲੁਧਿਆਣਾ ਨੂੰ ਸਾਫ਼-ਸੁਥਰਾ, ਹਰਿਆ ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਵਿੱਚ ਮਦਦ ਮਿਲੇਗੀ।