ਖੇਤਰੀ ਪ੍ਰਤੀਨਿਧ
ਲੁਧਿਆਣਾ, 28 ਦਸੰਬਰ
ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ਼ ਫ਼ਿਸ਼ਰੀਜ਼ ਵੱਲੋਂ ਸੰਸਥਾ ਵਿਕਾਸ ਯੋਜਨਾ ਦੇ ਸਹਿਯੋਗ ਨਾਲ ‘ਸਜਾਵਟੀ ਮੱਛੀ ਪਾਲਣ: ਪੰਜਾਬ ਵਿਚ ਵਰਤਮਾਨ ਸਥਿਤੀ, ਚੁਣੌਤੀਆਂ ਅਤੇ ਭਵਿੱਖੀ ਸੰਭਾਵਨਾਵਾਂ’ ਵਿਸ਼ੇ ’ਤੇ ਅੰਤਰ-ਸੰਵਾਦ ਕਰਵਾਇਆ ਗਿਆ।
ਫ਼ਿਸ਼ਰੀਜ਼ ਕਾਲਜ ਦੀ ਡੀਨ ਡਾ. ਮੀਰਾ ਡੀ ਆਂਸਲ ਨੇ ਦੱਸਿਆ ਕਿ ਇਸ ਮੰਚ ’ਤੇ ਸਾਰੀਆਂ ਭਾਈਵਾਲ ਧਿਰਾਂ ਜਿਨ੍ਹਾਂ ਵਿਚ ਸਜਾਵਟੀ ਮੱਛੀਆਂ ਦੇ ਕਾਰੋਬਾਰੀ, ਮੱਛੀ ਪਾਲਣ ਵਿਭਾਗ ਦੇ ਅਧਿਕਾਰੀ ਅਤੇ ਵਿਦਿਆਰਥੀਆਂ ਨੂੰ ਇਕੱਠਿਆਂ ਕੀਤਾ ਗਿਆ। ਸੈਮੀਨਾਰ ਦੇ ਮੁੱਖ ਬੁਲਾਰੇ, ਮੱਛੀ ਖੇਤਰ ਦੇ ਵਿਗਿਆਨੀ, ਡਾ. ਅਤੁਲ ਕੁਮਾਰ ਜੈਨ ਸਨ ਜੋ ਕਿ ਹੁਣ ਬਤੌਰ ਉੱਦਮੀ, ਉਦੈਪੁਰ (ਰਾਜਸਥਾਨ) ਵਿਖੇ ਸਜਾਵਟੀ ਮੱਛੀਆਂ ਸਬੰਧੀ ਆਪਣੀ ਸਿਖਲਾਈ ਅਤੇ ਖੋਜ ਸੰਸਥਾ ਚਲਾ ਰਹੇ ਹਨ।
ਉਨ੍ਹਾਂ ਕਿਹਾ ਕਿ ਗ਼ੈਰ-ਸਮੁੰਦਰੀ ਰਾਜਾਂ ਵਿਚ ਇਸ ਵੇਲੇ ਸਜਾਵਟੀ ਮੱਛੀਆਂ ਦੇ ਕਾਰੋਬਾਰ ਦੀਆਂ ਉੱਨਤ ਸੰਭਾਵਨਾਵਾਂ ਹਨ। ਫ਼ਿਸ਼ਰੀਜ਼ ਕਾਲਜ ਦੇ ਪ੍ਰਬੰਧਕੀ ਸਕੱਤਰ ਡਾ. ਵਨੀਤ ਇੰਦਰ ਕੌਰ ਨੇ ਸਜਾਵਟੀ ਮੱਛੀਆਂ ਦੇ ਖੇਤਰ ਵਿਚ ਪਾਏ ਜਾ ਰਹੇ ਯੋਗਦਾਨ ਬਾਰੇ ਦੱਸਿਆ। ਮੱਛੀ ਪਾਲਕ ਵਿਕਾਸ ਏਜੰਸੀ, ਫ਼ਤਹਿਗੜ੍ਹ ਸਾਹਿਬ ਦੇ ਮੁੱਖ ਕਾਰਜਕਾਰੀ ਅਧਿਕਾਰੀ ਕਰਮਜੀਤ ਸਿੰਘ ਨੇ ਵੱਖੋ-ਵੱਖਰੀਆਂ ਵਿੱਤੀ ਮਦਦ ਵਾਲੀਆਂ ਯੋਜਨਾਵਾਂ, ਸਬਸਿਡੀਆਂ ਅਤੇ ਪ੍ਰਧਾਨ ਮੰਤਰੀ ਮਤਸਯਾ ਸੰਪਦਾ ਯੋਜਨਾ ਬਾਰੇ ਚਾਨਣਾ ਪਾਇਆ। ਡਾ. ਸਚਿਨ ਖ਼ੈਰਨਾਰ, ਡਾ. ਅਮਿਤ ਮੰਡਲ ਤੇ ਅਮਨਦੀਪ ਕੌਰ, ਉਪ ਕੁਲਪਤੀ ਡਾ. ਇੰਦਰਜੀਤ ਸਿੰਘ, ਮੁੱਖ ਨਿਰੀਖਕ ਸੰਸਥਾ ਵਿਕਾਸ ਯੋਜਨਾ ਡਾ. ਸਰਵਪ੍ਰੀਤ ਸਿੰਘ ਘੁੰਮਣ ਨੇ ਵੀ ਇਸ ਮੌਕੇ ਸੰਬੋਧਨ ਕੀਤਾ।