ਡੀ ਪੀ ਐੱਸ ਬੱਤਰਾ
ਸਮਰਾਲਾ, 30 ਅਗਸਤ
ਨੌਕਰੀ ਤੋਂ ਕੱਢੇ ਗਏ ਮੁਲਾਜ਼ਮ ਸਤਵਿੰਦਰ ਸਿੰਘ ਨੇ ਆਪਣੇ ਸਮਰਥਕਾਂ ਅਤੇ ਕੁਝ ਜਥੇਬੰਦੀਆਂ ਨੂੰ ਨਾਲ ਲੈ ਕੇ ਮਾਲਵਾ ਕਾਲਜ ਬੌਂਦਲੀ ਅੱਗੇ ਧਰਨਾ ਲਾਇਆ। ਮੁਲਾਜ਼ਮ ਨੇ 17 ਮਹੀਨਿਆਂ ਤੋਂ ਬਕਾਇਆ ਰਹਿੰਦੀ ਤਨਖਾਹ ਅਤੇ ਨੌਕਰੀ ਬਹਾਲੀ ਦੀ ਮੰਗ ਕਰਦਿਆਂ ਪ੍ਰਬੰਧਕ ਕਮੇਟੀ ’ਤੇ ਮਨਮਾਨੀ ਕਰਨ ਦੇ ਦੋਸ਼ ਲਾਏ। ਉਸ ਨੇ ਦੱਸਿਆ ਕਿ ਉਹ 27 ਸਾਲਾਂ ਤੋਂ ਇਸ ਕਾਲਜ ਵਿੱਚ ਸੇਵਾ ਕਰਦੇ ਆ ਰਹੇ ਹਨ ਅਤੇ ਹੁਣ ਬਿਨਾਂ ਕਿਸੇ ਅਗਾਊਂ ਨੋਟਿਸ ਦੇ ਉਸ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆ ਹੈ। ਉਸ ਨੇ ਦੱਸਿਆ ਕਿ ਕਾਲਜ ਨੇ 17 ਮਹੀਨੇ ਤੋਂ ਉਸ ਦੀ ਤਨਖਾਹ ਵੀ ਜਾਰੀ ਨਹੀਂ ਕੀਤੀ ਅਤੇ ਜਦੋਂ ਉਸ ਨੇ ਆਪਣੀ ਤਨਖਾਹ ਅਤੇ ਪ੍ਰਾਵੀਡੈਂਟ ਫੰਡ (ਪੀ.ਐੱਫ.) ਬਾਰੇ ਰੌਲਾ ਪਾਇਆ ਤਾਂ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਡਾ. ਹਰਿੰਦਰ ਕੌਰ ਨੇ ਦੱਸਿਆ ਕਰੋਨਾ ਅਤੇ ਜ਼ਿਆਦਾਤਰ ਬੱਚਿਆਂ ਦਾ ਝੁਕਾਅ ਵਿਦੇਸ਼ ਜਾਣ ਦਾ ਹੋਣ ਕਰਕੇ ਕਾਲਜ ਵਿੱਚ ਵਿਦਿਆਰਥੀਆਂ ਦੀ ਗਿਣਤੀ ਕਾਫ਼ੀ ਘਟ ਗਈ ਹੈ ਜਿਸ ਕਾਰਨ ਕਮੇਟੀ ਅਧੀਨ ਕੰਮ ਕਰਦੇ ਕਈ ਮੁਲਾਜ਼ਮਾਂ ਦੀਆਂ ਸੇਵਾਵਾਂ ਖਤਮ ਕਰਨੀਆਂ ਪਈਆਂ ਹਨ। ਉਨ੍ਹਾਂ ਕਾਲਜ ਦੀ ਆਰਥਿਕ ਮੰਦਹਾਲੀ ਦਾ ਹਵਾਲਾ ਦਿੰਦੇ ਹੋਏ ਕਈ ਮੁਲਾਜ਼ਮਾਂ ਦੀਆਂ ਤਨਖਾਹਾਂ ਬਕਾਇਆ ਰਹਿੰਦੀਆਂ ਹੋਣ ਦੀ ਗੱਲ ਵੀ ਮੰਨੀ। ਉਨ੍ਹਾਂ ਕਿਹਾ ਕਿ ਸਤਵਿੰਦਰ ਸਿੰਘ ਨੇ ਆਪਣਾ ਕੇਸ ਪੰਜਾਬ ਐਜੂਕੇਸ਼ਨ ਟ੍ਰਿਬਿਊਨਲ ਵਿੱਚ ਪਾਇਆ ਹੈ ਅਤੇ ਫ਼ੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ। ਇਸ ਦੌਰਾਨ ਕਾਲਜ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ। ਕਾਲਜ ਦੇ ਸੀਨੀਅਰ ਵਾਈਸ ਪ੍ਰਧਾਨ ਆਲਮਦੀਪ ਸਿੰਘ ਮੱਲਮਾਜਰਾ ਨੇ ਕਿਹਾ ਕਿ ਕਾਲਜ ਵਿੱਚ ਵਿਦਿਆਰਥੀਆਂ ਦੀ ਗਿਣਤੀ ਘਟਣ ਕਰਕੇ ਕੁਝ ਮੁਲਾਜ਼ਮਾਂ ਦੀ ਛੁੱਟੀ ਕੀਤੀ ਹੈ। ਜੇ ਭਵਿੱਖ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧ ਜਾਂਦੀ ਹੈ ਤਾਂ ਇਨ੍ਹਾਂ ਮੁਲਾਜ਼ਮਾਂ ਨੂੰ ਦੁਬਾਰਾ ਤੋਂ ਕਾਲਜ ਜੁਆਇਨ ਕਰਵਾ ਲਿਆ ਜਾਵੇਗਾ।