ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 12 ਮਈ
ਪ੍ਰੇਮ ਨਗਰ ਇਲਾਕੇ ’ਚ ਸ਼੍ਰੀ ਦਕਸ਼ਨੇਸ਼ਵਰੀ ਮਹਾਂਦੇਵ ਮੰਦਰ ਨੇੜੇ ਖਾਲੀ ਪਲਾਟ ’ਚ ਪਈ ਸਰਕਾਰੀ ਲੱਕੜ ਨੂੰ ਨਾ ਚੁੱਕੇ ਜਾਣ ਕਾਰਨ ਹਿੰਦੂ ਜਥੇਬੰਦੀਆਂ ਨੇ ਵੀਰਵਾਰ ਨੂੰ ਨਗਰ ਨਿਗਮ ਖਿਲਾਫ਼ ਜ਼ੋਨ-ਡੀ ਦੇ ਬਾਹਰ ਧਰਨਾ ਦਿੱਤਾ। ਨਗਰ ਨਿਗਮ ’ਤੇ ਦੋਸ਼ ਲਾਏ ਗਏ ਕਿ 2 ਵਾਰ ਲੱਕੜ ਰਾਹੀਂ ਮੰਦਰ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਨਗਰ ਨਿਗਮ ਨੇ ਵਾਰ ਵਾਰ ਕਹਿਣ ਤੋਂ ਬਾਅਦ ਵੀ ਲੱਕੜ ਨਹੀਂ ਚੁਕਵਾਈ ਗਈ। ਉਨ੍ਹਾਂ ਇਸ ਸਬੰਧੀ ਪੁਲੀਸ ਕੋਲ ਸ਼ਿਕਾਇਤ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ।
ਹਿੰਦੂ ਸੰਯੁਕਤ ਮੋਰਚੇ ਦੇ ਰਾਜੀਵ ਟੰਡਨ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਨਗਰ ਨਿਗਮ ਦੇ ਅਧਿਕਾਰੀ ਇਸ ਮਾਮਲੇ ’ਚ ਚੁੱਪ ਬੈਠੇ ਹਨ, ਉਸ ਤੋਂ ਲੱਗਦਾ ਹੈ ਕਿ ਨਗਰ ਨਿਗਮ ਦੇ ਅਧਿਕਾਰੀ ਮੰਦਿਰ ਨਾਲ ਕਿਸੇ ਅਣਹੋਣੀ ਦੀ ਉਡੀਕ ’ਚ ਹਨ। ਟੰਡਨ ਨੇ ਕਿਹਾ ਕਿ ਨਵਰਾਤਿਆਂ ’ਚ ਲਗਾਤਾਰ 2 ਦਿਨ ਮੰਦਰ ਕੋਲ ਪਈ ਲੱਕੜੀ ’ਚ ਕਿਸੇ ਸ਼ਰਾਰਤੀ ਅਨਸਰ ਨੇ ਅੱਗ ਲਾ ਦਿੱਤੀ। ਜੇਕਰ ਸਮਾਂ ਰਹਿੰਦੇ ਇਲਾਕਾ ਵਾਸੀ ਨਾ ਜਾਗਦੇ ਤੇ ਅੱਗ ਬੁਝਾਊ ਅਮਲਾ ਮੌਕੇ ’ਤੇ ਨਾ ਪੁੱਜਦਾ ਤਾਂ ਮੰਦਰ ਵੀ ਅੱਗ ਦੀ ਲਪੇਟ ’ਚ ਆ ਸਕਦਾ ਸੀ। ਇਸ ਦੇ ਬਾਵਜੂਦ ਨਾ ਤਾਂ ਪ੍ਰਸ਼ਾਸਨ ਵੱਲੋਂ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਤੇ ਨਾ ਹੀ ਨਿਗਮ ਅਧਿਕਾਰੀਆਂ ਵੱਲੋਂ ਉੱਥੋਂ ਲੱਕੜ ਚੁਕਵਾਉਣ ’ਚ ਕੋਈ ਦਿਲਚਸਪੀ ਦਿਖਾਈ ਗਈ। ਉਨ੍ਹਾਂ ਕਿਹਾ ਕਿ ਜਦੋਂ ਹਿੰਦੂ ਸਮਾਜ ਵੱਲੋਂ ਪ੍ਰਦਰਸ਼ਨ ਕਰਨ ਦੀ ਚਿਤਾਵਨੀ ਦਿੱਤੀ ਗਈ ਕਿ ਲੱਕੜ ਚੁੱਕ ਕੇ ਨਗਰ ਨਿਗਮ ਦੇ ਬਾਹਰ ਪ੍ਰਦਰਸ਼ਨ ਕੀਤਾ ਜਾਵੇਗਾ ਤਾਂ ਨਗਰ ਨਿਗਮ ਵੱਲੋਂ ਭੇਜੇ ਮੁਲਾਜ਼ਮਾਂ ਨੇ ਲੱਕੜ ’ਤੇ ਨੰਬਰ ਲਾਉਣੇ ਸ਼ੁਰੂ ਕਰ ਦਿੱਤੇ ਗਏ।
ਇਸ ਮੌਕੇ ਅਰਵਿੰਦ ਵਾਲੀਆ, ਪ੍ਰਿੰਸ ਸ਼ਰਮਾ, ਅਮਿਤ ਅਰੋੜਾ, ਅਜੈ ਮਿਸ਼ਰਾ, ਭਾਨੂ ਪ੍ਰਤਾਪ, ਸੁਮਿਤ ਜਸੂਜਾ, ਨੀਤਿਸ਼ ਨਾਰੰਗ, ਅਮਿਤ ਕੌਂਡਲ, ਰਿਤੇਸ਼ ਰਾਜਾ, ਨੀਰਜ ਭਾਰਦਵਾਜ, ਪਵਨ ਮਾਨ, ਅਨਿਲ ਪਰਾਸ਼ਰ, ਗੌਰਵ ਵਰਮਾ, ਮੋਤੀ ਭਨੋਟ, ਵਿਨੈ ਭਾਰਤੀ ਮੌਜੂਦ ਸਨ।