ਰਾਮ ਗੋਪਾਲ ਰਾਏਕੋਟੀ
ਰਾਏਕੋਟ, 5 ਸਤੰਬਰ
ਪਿੰਡ ਭੈਣੀ ਬੜਿੰਗ ਵਿਖੇ ਕਰਨਾਲ ਅਤੇ ਮੋਗਾ ਵਿਖੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ’ਤੇ ਹੋਏ ਤਸ਼ੱਦਦ ਦੇ ਵਿਰੋਧ ’ਚ ਅੱਜ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਜਥੇਬੰਦਕ ਸਕੱਤਰ ਡਾ. ਗੁਰਚਰਨ ਸਿੰਘ ਬੜਿੰਗ ਦੀ ਅਗਵਾਈ ਵਿਚ ਧਰਨਾ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਹੱਦਾਂ ’ਤੇ ਨੌਂ ਮਹੀਨੇ ਤੋਂ ਵੱਧ ਸਮੇਂ ਤੋਂ ਚਲ ਰਹੇ ਕਿਸਾਨ ਅੰਦੋਲਨ ’ਚ ਛੇ ਸੌ ਦੇ ਕਰੀਬ ਸੰਘਰਸ਼ਸ਼ੀਲ ਲੋਕ ਸ਼ਹੀਦ ਹੋ ਗਏ ਹਨ, ਜਿਨ੍ਹਾਂ ਨੂੰ ਅੱਜ ਸ਼ਰਧਾਂਜਲੀ ਵੀ ਭੇਂਟ ਕੀਤੀ ਗਈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਦੇਸ਼ ਦੀਆਂ ਮੁਨਾਫੇ ਵਾਲੀਆਂ ਜਾਇਦਾਦਾਂ ਕੌਡੀਆਂ ਦੇ ਭਾਅ ਵੇਚ ਰਹੀ ਹੈ। ਉਨ੍ਹਾਂ ਸੰਘਰਸ਼ਸ਼ੀਲ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਗਿਣਤੀ ਵਿਚ ਕਿਸਾਨ ਅੰਦੋਲਨ ਵਿੱਚ ਸ਼ਮੂਲੀਅਤ ਕਰਨ।
ਮਾਛੀਵਾੜਾ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਸਮੂਹ ਕਿਸਾਨ ਜਥੇਬੰਦੀਆਂ ਵਲੋਂ ਯੂ.ਪੀ. ਦੇ ਮੁਜ਼ੱਫ਼ਰਨਗਰ ਵਿਖੇ ਕੀਤੀ ਜਾ ਰਹੀ ਕਿਸਾਨਾਂ ਦੀ ਮਹਾਂ ਪੰਚਾਇਤ ਵਿਚ ਸ਼ਮੂਲੀਅਤ ਕਰਨ ਲਈ ਮਾਛੀਵਾੜਾ ਤੋਂ ਕਿਸਾਨਾਂ ਦਾ ਜਥਾ ਰਵਾਨਾ ਹੋਇਆ। ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਭੱਟੀਆਂ, ਜਥੇਦਾਰ ਮਨਮੋਹਣ ਸਿੰਘ ਖੇੜਾ ਨੇ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ’ਤੇ ਸੰਘਰਸ਼ ਕਰ ਰਹੇ ਕਿਸਾਨਾਂ ਵਿਚ ਨਵਾਂ ਜੋਸ਼ ਭਰਨ, ਪੰਜਾਬ ਤੇ ਹਰਿਆਣਾ ਵਾਂਗ ਯੂ.ਪੀ. ਵਿਚ ਟੌਲ ਪਲਾਜ਼ਾ ਬੰਦ ਕਰਨ ਅਤੇ ਆਉਣ ਵਾਲੀਆਂ ਚੋਣਾਂ ’ਚ ਯੋਗੀ ਸਰਕਾਰ ਦਾ ਤਖ਼ਤਾ ਪਲਟਣ ਲਈ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਿਸਾਨ ਬੰਗਾਲ ਵਾਂਗ ਯੂ.ਪੀ. ਵਿਚ ਵੀ ਭਾਜਪਾ ਨੂੰ ਹਰਾ ਕੇ ਕੀਤੀਆਂ ਜਾ ਰਹੀਆਂ ਵਧੀਕੀਆਂ ਦਾ ਬਦਲਾ ਜ਼ਰੂਰ ਲੈਣਗੇ।
ਕਿਸਾਨ ਬੀਬੀਆਂ ਧਰਨਿਆਂ ਵਿੱਚ ਡਟੀਆਂ
ਜਗਰਾਉਂ (ਜਸਬੀਰ ਸ਼ੇਤਰਾ): ਕਿਸਾਨ ਘੋਲ ’ਚ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੀਆਂ ਕੁਝ ਕਿਸਾਨ ਬੀਬੀਆਂ ਮਿਸਾਲ ਬਣੀਆਂ ਹਨ। ਪਹਿਲੀ ਅਕਤੂਬਰ 2020 ਨੂੰ ਜਗਰਾਉਂ ਦੇ ਰੇਲਵੇ ਸਟੇਸ਼ਨ ’ਤੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਦਾ ਮੁੱਢ ਬੱਝਿਆ ਸੀ ਜਿਸ ’ਚ ਕੁਝ ਔਰਤਾਂ ਲਗਾਤਾਰ ਸ਼ਮੂਲੀਅਤ ਕਰਦੀਆਂ ਹਨ। ਜ਼ਿਲ੍ਹੇ ਦੇ ਸਭ ਤੋਂ ਵੱਡੇ ਪਿੰਡ ਕਾਉਂਕੇ ਕਲਾਂ ਦੀਆਂ ਦੋ ਸਕੀਆਂ ਭੈਣਾਂ ਤਾਂ ਹੋਰਨਾਂ ਔਰਤਾਂ ਲਈ ਮਿਸਾਲ ਬਣ ਗਈਆਂ ਹਨ। ਸੰਘਰਸ਼ ਮੋਰਚੇ ’ਚ ਪਹਿਲੇ ਦਿਨ ਤੋਂ 70 ਸਾਲਾ ਬੇਬੇ ਹਰਜਿੰਦਰ ਕੌਰ ਪਹੁੰਚ ਰਹੀ ਹੈ। ਪੰਜ ਬੱਚਿਆਂ ਦੀ ਮਾਂ ਤੇ ਸਿਰਫ ਡੇਢ ਏਕੜ ਦੀ ਮਾਲਕਣ ਨੇ ਕਿਹਾ ਕਿ ਮਸਲਾ ਆਪਣੀ ਜ਼ਮੀਨ ਬਚਾਉਣ ਦਾ ਨਹੀਂ ਬਲਕਿ ਸਾਰੇ ਕਿਸਾਨਾਂ ਨਾਲ ਖੜ੍ਹਨ ਦਾ ਹੈ। ਉਸ ਦੀ ਇਕ ਹੋਰ ਭੈਣ ਪ੍ਰੀਤਮ ਕੌਰ ਪਤਨੀ ਸਵਰਗੀ ਕਰਤਾਰ ਸਿੰਘ ਹੈ। ਚਾਰ ਬੱਚਿਆਂ ਦੀ ਮਾਂ ਇਹ ਬੇਬੇ ਵੀ ਕਿਸਾਨ ਮੋਰਚੇ ’ਚ ਅਪਣੀ ਹਾਜ਼ਰੀ ਨਿਰੰਤਰ ਲਗਵਾ ਰਹੀ ਹੈ। ਇਸੇ ਪਿੰਡ ਦੀ ਇਕ ਹੋਰ ਮਾਤਾ ਦਾ ਨਾਂ ਮਹਿੰਦਰ ਕੌਰ ਵੀ ਧਰਨੇ ’ਤੇ ਲਗਾਤਾਰ ਪੁੱਜਦੀ ਰਹੀ ਹੈ। ਕੋਠੇ ਸ਼ੇਰਜੰਗ ਰਹਿੰਦੀ 75 ਸਾਲਾ ਬੇਬੇ ਜਸਵਿੰਦਰ ਕੌਰ ਕਿਸਾਨੀ ਝੰਡਾ ਹਰ ਵੇਲੇ ਮੋਢੇ ’ਤੇ ਰੱਖਦੀ ਹੈ।