ਸਤਵਿੰਦਰ ਬਸਰਾ
ਲੁਧਿਆਣਾ, 6 ਅਕਤੂਬਰ
ਦਸਹਿਰੇ ਮੌਕੇ ਜਿੱਥੇ ਵੱਖ ਵੱਖ ਦਸਹਿਰਾ ਕਮੇਟੀਆਂ ਵੱਲੋਂ ਭੜਕੀਲੇ ਸਾਜਾਂ ਵਾਲੇ ਗਾਇਕਾਂ ਨੂੰ ਸਟੇਜ ’ਤੇ ਚਾੜ੍ਹਿਆ ਜਾਂਦਾ ਹੈ ਉੱਥੇ ਧਾਂਦਰਾ ਦੇ ਦਸਹਿਰੇ ਵਿੱਚ ਪਿਛਲੇ 30-31 ਸਾਲਾਂ ਤੋਂ ਦਾਦਾ ਦੇਸ ਰਾਜ ਲਚਕਾਣੀ, ਭਾਪਾ ਸੁਰਜੀਤ ਖਾਨ ਅਤੇ ਪੋਤਾ ਅਰਮਾਨ ਅਲੀ ਦੀ ਤਿੱਕੜੀ ਵੱਲੋਂ ਸੂਫੀ ਗਾਇਕੀ ਰਾਹੀਂ ਰੰਗ ਬੰਨ੍ਹਿਆ ਜਾਂਦਾ ਹੈ। ਇਸ ਮੇਲੇ ਨੂੰ ਕਰਵਾਉਣ ਵਾਲੇ ਨਿਰੰਜਣ ਸਿੰਘ, ਸੋਹਣ ਸਿੰਘ, ਬੂਟਾ ਸਿੰਘ, ਗੁਰਜੋਤ ਸਿੰਘ ਅਤੇ ਸੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਹਰ ਸਾਲ ਦਸਹਿਰੇ ਮੌਕੇ ਸੂਫੀ ਢਾਡੀ ਬੁਲਾਏ ਜਾਂਦੇ ਹਨ। ਇਸ ਦਾ ਮੁੱਖ ਕਾਰਨ ਪੁਰਤਨ ਗਾਇਕੀ ਨੂੰ ਸੁਰਜੀਤ ਰੱਖਣਾ ਹੈ। ਸੂਫੀ ਢਾਡੀ ਅਰਮਾਨ ਅਲੀ ਲਚਕਾਣੀ ਨੇ ਦੱਸਿਆ ਕਿ ਉਸ ਦੇ ਦਾਦਾ ਦੇਸ ਰਾਜ ਲਚਕਾਣੀ ਨੇ ਕਰੀਬ 30-35 ਸਾਲ ਪਹਿਲਾਂ ਧਾਂਦਰਾ ਦੇ ਦਸਹਿਰਾ ਮੇਲੇ ਵਿੱਚ ਆਉਣਾ ਸ਼ੁਰੂ ਕੀਤਾ ਸੀ। ਉਨ੍ਹਾਂ ਦੇ ਨਾਲ ਪਿਤਾ ਸੁਰਜੀਤ ਖਾਨ ਅਤੇ ਹੁਣ ਉਹ ਵੀ ਇੱਥੇ ਗਾਉਣ ਆਉਂਦਾ ਹੈ। ਅਰਮਾਨ ਨੇ ਦੱਸਿਆ ਕਿ ਉਨ੍ਹਾਂ ਦੀਆਂ ਤਿੰਨ ਪੀੜ੍ਹੀਆਂ ਇੱਕ ਹੀ ਸਟੇਜ ਤੋਂ ਲੋਕਾਂ ਦਾ ਮਨੋਰੰਜਨ ਕਰਦੀਆਂ ਹਨ। ਹੁਣ ਤਾਂ ਉਸ ਦਾ ਆਪਣਾ ਪੁੱਤਰ ਵੀ ਇਸ ਗਾਇਕੀ ਵੱਲ ਆਉਣ ਦੀ ਤਿਆਰੀ ਵਿੱਚ ਹੈ। ਅਰਮਾਨ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਗਾਇਕੀ ਨੂੰ ਸੁਣਨ ਵਾਲੇ 40 ਸਾਲ ਤੋਂ ਉੱਪਰ ਉਮਰ ਦੇ ਸਰੋਤੇ ਹੀ ਹਨ। ਇਸ ਗਾਇਕੀ ਕਰਕੇ ਹੀ ਉਨ੍ਹਾਂ ਦੇ ਦਾਦਾ ਦੇਸ਼ ਰਾਜ ਨੂੰ ਸਾਲ 2015-16 ਵਿੱਚ ਸ਼੍ਰੋਮਣੀ ਸੂਫੀ ਢਾਡੀ ਦਾ ਖਿਤਾਬ ਮਿਲਿਆ ਸੀ ਜਿਸ ਤੋਂ ਬਾਅਦ ਉਹ ਸ਼੍ਰੋਮਣੀ ਸੂਫੀ ਢਾਡੀ ਦੇਸ ਰਾਜ ਲਚਕਾਣੀ ਵਜੋਂ ਹੀ ਜਾਣੇ ਜਾਂਦੇ ਹਨ।