ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 27 ਜੁਲਾਈ
ਪੰਜਾਬ ਪੁਲੀਸ ਮੁਖੀ ਗੌਰਵ ਯਾਦਵ ਨੇ ਗੈਂਗਸਟਰਾਂ ’ਤੇ ਨਕੇਲ ਕੱਸਣ ਅਤੇ ਅਪਰਾਧ ’ਤੇ ਕਾਬੂ ਪਾਉਣ ਲਈ ਅੱਜ ਇੱਥੇ ਪੁਲੀਸ ਅਧਿਕਾਰੀਆਂ ਨੂੰ ਗੁਰ ਦਿੱਤੇ। ਡੀਜੀਪੀ ਬਣਨ ਤੋਂ ਬਾਅਦ ਗੌਰਵ ਯਾਦਵ ਪਹਿਲੀ ਵਾਰ ਲੁਧਿਆਣਾ ਪੁੱਜੇ ਸਨ ਤੇ ਉਹ ਸਿੱਧਾ ਪੁਲੀਸ ਲਾਈਨ ਗਏ। ਜਿੱਥੇ ਉਨ੍ਹਾਂ ਨੂੰ ‘ਗਾਰਡ ਆਫ ਆਨਰ’ ਦਿੱਤਾ ਗਿਆ। ਪੁਲੀਸ ਕਮਿਸ਼ਨਰ ਡਾ. ਕੌਸਤਬ ਸ਼ਰਮਾ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਦੌਰਾਨ ਐੱਸਐੱਸਪੀ ਜਗਰਾਉਂ ਅਤੇ ਐੱਸਐੱਸਪੀ ਖੰਨਾ ਅਤੇ ਹੋਰ ਸੀਨੀਅਰ ਪੁਲੀਸ ਅਧਿਕਾਰੀ ਮੌਜੂਦ ਸਨ।
ਇਸ ਤੋਂ ਪਹਿਲਾਂ ਡੀਜੀਪੀ ਯਾਦਵ ਅੱਜ ਸਵੇਰੇ ਪੁਲੀਸ ਲਾਈਨ ਪੁੱਜੇ, ਜਿੱਥੇ ਲੁਧਿਆਣਾ ਰੇਂਜ ਦੇ ਆਈਜੀ ਐੱਸਪੀਐੱਸ ਪਰਮਾਰ ਤੇ ਪੁਲੀਸ ਕਮਿਸ਼ਨਰ ਡਾ. ਕੌਸਤਬ ਸ਼ਰਮਾ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਦੌਰਾਨ ਉਨ੍ਹਾਂ ਉੱਚ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਡੀਜੀਪੀ ਨੇ ਪੁਲੀਸ ਅਧਿਕਾਰੀਆਂ ਨਾਲ ਉਨ੍ਹਾਂ ਦਾ ਇਲਾਕਿਆਂ ’ਚ ਹੋਣ ਵਾਲੇ ਕ੍ਰਾਈਮ ਦੇ ਵਿਚਾਰ ਚਰਚਾ ਕੀਤੀ ਤੇ ਉਸਨੂੰ ਕਿਵੇਂ ਕੰਟਰੋਲ ਕਰਨਾ ਇਸਦੇ ਗੁਰ ਵੀ ਦਿੱਤੇ। ਡੀਜੀਪੀ ਨੇ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਕਿਹਾ ਕਿ ਪੰਜਾਬ ’ਚ ਗੈਂਗਸਟਰਾਂ ਨੂੰ ਕਿਸੇ ਵੀ ਹਾਲਤ ’ਚ ਭਾਰੂ ਨਹੀਂ ਪੈਣ ਦਿੱਤਾ ਜਾਵੇਗਾ। ਗੈਂਗਸਟਰਾਂ ਨੂੰ ਪੰਜਾਬ ’ਚੋਂ ਖ਼ਤਮ ਕਰ ਦਿੱਤਾ ਜਾਵੇਗਾ ਅਤੇ ਪੰਜਾਬ ਨੂੰ ਖੁਸ਼ਹਾਲ ਬਣਾਇਆ ਜਾਵੇਗਾ। ਉਨ੍ਹਾਂ ਕ੍ਰਾਈਮ ਰੀਵਿਊ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਕਈ ਹੁਕਮ ਜਾਰੀ ਕੀਤੇ। ਇਸ ਦੌਰਾਨ ਅਧਿਕਾਰੀਆਂ ਨੂੰ ਇਹ ਵੀ ਹੁਕਮ ਜਾਰੀ ਕੀਤੇ ਕਿ ਉਹ ਕਿਸੇ ਦੇ ਦਬਾਅ ’ਚ ਨਹੀਂ ਬਲਕਿ ਆਪਣੇ ਤੌਰ ਤਰੀਕੇ ਨਾਲ ਕੰਮ ਕਰਨਗੇ। ਪੰਜਾਬ ਪੁਲੀਸ ਦਾ ਪਹਿਲਾ ਮਕਸਦ ਇਹ ਹੈ ਕਿ ਲੋਕਾਂ ਨੂੰ ਇਨਸਾਫ਼ ਦਿੱਤਾ ਜਾਵੇ। ਜਿਸ ਵਿਅਕਤੀ ਦੀ ਸ਼ਿਕਾਇਤ ਆਵੇ, ਉਸਨੂੰ ਜਲਦੀ ਹੱਲ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਜਲਦੀ ਤੋਂ ਜਲਦੀ ਇਨਸਾਫ਼ ਮਿਲ ਸਕੇ।
ਮੀਟਿੰਗ ਵਿੱਚ ਸਿੱਧੂ ਮੂਸੇਵਾਲਾ ਕਤਲ ਕਾਂਡ ਬਾਰੇ ਵੀ ਹੋਈ ਚਰਚਾ
ਸੂਤਰਾਂ ਅਨੁਸਾਰ ਮੀਟਿੰਗ ਦੌਰਾਨ ਡੀਜੀਪੀ ਨੇ ਕਮਿਸ਼ਨਰੇਟ ਅਧਿਕਾਰੀਆਂ ਦੇ ਨਾਲ ਨਾਲ ਤੇ ਜਗਰਾਉਂ ਅਤੇ ਖੰਨਾ ਦੇ ਅਧਿਕਾਰੀਆਂ ਨਾਲ ਵੀ ਕਈ ਮੁੱਖ ਮੁੱਦਿਆਂ ’ਤੇ ਚਰਚਾ ਹੋਈ। ਮੀਟਿੰਗ ਦੌਰਾਨ ਸਭ ਤੋਂ ਮੁੱਖ ਚਰਚਾ ਸਿੱਧੂ ਮੂਸੇਵਾਲਾ ਕਤਲਕਾਂਡ ਨੂੰ ਲੈ ਕੇ ਹੋਈ। ਕਮਿਸ਼ਨਰੇਟ ਪੁਲੀਸ ਦੇ ਵੱਲੋਂ ਵੀ ਸਿੱਧੂ ਮੂਸੇਵਾਲਾ ਕਤਲਕਾਂਡ ’ਚ ਕਿਤੇ ਨਾ ਕਿਤੇ ਸ਼ਮੂਲੀਅਤ ਵਾਲੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਵੀ ਡੀਜੀਪੀ ਨੇ ਪੂਰੀ ਜਾਣਕਾਰੀ ਲਈ ਅਤੇ ਅੱਗੇ ਕੀ ਕਾਰਵਾਈ ਹੋਵੇਗੀ, ਇਸ ਬਾਰੇ ਵੀ ਚਰਚਾ ਕੀਤੀ।