ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 19 ਸਤੰਬਰ
ਸ਼ਹਿਰ ਵਿਚ ਗਣਪਤੀ ਮਹਾਉਤਸਵ ਬੜੀ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਬੰਧੀ ਸ਼ਰਧਾਲੂਆਂ ਵਲੋਂ ਵਿਸ਼ਾਲ ਸ਼ੋਭਾ ਯਾਤਰਾ ਕੱਢਣ ਉਪਰੰਤ ਮੂਰਤੀ ਨੂੰ ਨੇੜੇ ਸਰਹਿੰਦ ਨਹਿਰ ਵਿਚ ਵਿਸਰਜਿਤ ਕਰ ਦਿੱਤਾ ਗਿਆ। ਗਣਪਤੀ ਸੇਵਾ ਸਮਿਤੀ ਵੱਲੋਂ ਸਥਾਨਕ ਦੁਰਗਾ ਸ਼ਕਤੀ ਮੰਦਰ ਹਾਲ ਵਿਚ ਪਿਛਲੇ 10 ਦਿਨਾਂ ਤੋਂ ਗਣੇਸ਼ ਦੀ ਮੂਰਤੀ ਸਥਾਪਤ ਕਰ ਉਸਦੀ ਪੂਜਾ ਕੀਤੀ ਗਈ ਅਤੇ ਰੋਜ਼ਾਨਾ ਰਾਤ ਨੂੰ ਸ਼ਰਧਾਲੂ ਕੀਰਤਨ ਕਰ ਪ੍ਰਭੂ ਦੀ ਮਹਿਮਾ ਦਾ ਗੁਣਗਾਨ ਕਰਦੇ ਸਨ। ਅੱਜ ਬਾਅਦ ਦੁਪਹਿਰ ਇੱਕ ਵਿਸ਼ਾਲ ਸ਼ੋਭਾ ਯਾਤਰਾ ਦੁਰਗਾ ਸ਼ਕਤੀ ਮੰਦਰ ਤੋਂ ਸ਼ੁਰੂ ਹੋਈ, ਜਿਸ ਵਿਚ ਭਾਰੀ ਗਿਣਤੀ ’ਚ ਸ਼ਰਧਾਲੂਆਂ ਨੇ ਭਾਗ ਲਿਆ। ਸ਼ਰਧਾਲੂਆਂ ਨੇ ਬੜੀ ਹੀ ਸ਼ਰਧਾ ਨਾਲ ਸਰਹਿੰਦ ਨਹਿਰ ਵਿਚ ਗਣੇਸ਼ ਜੀ ਦੀ ਮੂਰਤੀ ਨੂੰ ਵਿਸਰਜਿਤ ਕਰ ਦਿੱਤਾ ਅਤੇ ਅਗਲੇ ਸਾਲ ਫਿਰ ਜਲਦੀ ਆਉਣ ਦੀ ਅਰਦਾਸ ਕੀਤੀ। ਇਸ ਵਾਰ ਵੀ ਮਾਛੀਵਾੜਾ ’ਚ ਅਨੇਕਾਂ ਸ਼ਰਧਾਲੂਆਂ ਵੱਲੋਂ ਆਪਣੇ ਘਰਾਂ ਵਿਚ ਗਣੇਸ਼ ਦੀ ਮੂਰਤੀਆਂ ਸਥਾਪਤ ਕੀਤੀਆਂ ਗਈਆਂ ਸਨ ਤੇ ਅੱਜ ਉਨ੍ਹਾਂ ਦੀ ਪੂਜਾ ਉਪਰੰਤ ਇਹ ਸਮੂਹ ਮੂਰਤੀਆਂ ਗੜ੍ਹੀ ਪੁਲ ਨੇੜੇ ਸਰਹਿੰਦ ਨਹਿਰ ਵਿਚ ਵਿਸਰਜਿਤ ਕਰ ਦਿੱਤੀਆਂ ਗਈਆਂ। ਅੱਜ ਭਾਰੀ ਗਿਣਤੀ ਵਿਚ ਇਹ ਪਰਿਵਾਰ ਜਥਿਆਂ ਦੇ ਰੂਪ ਵਿਚ ਗਣਪਤੀ ਬੱਪਾ ਦੇ ਜੈਕਾਰੇ ਲਗਾਉਂਦੇ ਹੋਏ ਨਹਿਰ ਕਿਨਾਰੇ ਪੁੱਜੇ ਤੇ ਉਥੇ ਅੱਜ ਸਾਰਾ ਦਿਨ ਮੇਲੇ ਵਰਗਾ ਮਾਹੌਲ ਬਣਿਆ ਰਿਹਾ। ਅੱਜ ਇਸ ਸ਼ੋਭਾ ਯਾਤਰਾ ਵਿਚ ਹੋਰਾਂ ਤੋਂ ਇਲਾਵਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ਼ਕਤੀ ਆਨੰਦ, ਕੌਂਸਲਰ ਕਪਿਲ ਆਨੰਦ, ਚੇਤਨ ਕੁਮਾਰ, ਪਰਮਜੀਤ ਪੰਮੀ, ਪੀਏ ਰਾਜੇਸ਼ ਬਿੱਟੂ, ਸਰਪੰਚ ਬਿੱਟੂ ਖਾਨਪੁਰ, ਪੰਡਿਤ ਦੀਪਕ ਕੁਮਾਰ ਆਦਿ ਵੀ ਮੌਜੂਦ ਸਨ। ਸ੍ਰੀ ਗਣਪਤੀ ਸੇਵਾ ਸਮਿਤੀ ਪ੍ਰਬੰਧਕ ਕਮੇਟੀ ਵਲੋਂ ਸਮਾਗਮ ਦੌਰਾਨ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਪ੍ਰਗਟਾਇਆ ਗਿਆ।