ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 19 ਅਗਸਤ
ਨਗਰ ਨਿਗਮ ਦਾ ਖਜ਼ਾਨਾ ਪੂਰੀ ਤਰ੍ਹਾਂ ਖਾਲੀ ਹੈ, ਮੁਲਾਜ਼ਮਾਂ ਨੂੰ ਵੀ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਜਾਣ ਵਾਲੇ ਜੀਐਸਟੀ ਤੋਂ ਬਾਅਦ ਹੀ ਤਨਖਾਹ ਮਿਲਦੀ ਹੈ। ਪਰ ਅਜਿਹੇ ਹਾਲਾਤਾਂ ਵਿੱਚ ਵੀ ਨਗਰ ਨਿਗਮ ਲੁਧਿਆਣਾ ਬੁੱਢਾ ਨਾਲਾ ’ਤੇ ਚੰਦ ਸਿਨੇਮਾ ਦੇ ਕੋਲ 100 ਸਾਲ ਦੀ ਮਿਆਦ ਪੂਰੀ ਕਰ ਚੁੱਕਾ ਕੰਡਮ ਪੁਲ ਤੋੜਨ ਲਈ ਇੱਕ ਕਰੋੜ ਰੁਪਏ ਦਾ ਖ਼ਰਚ ਕਰੇਗਾ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਪੁਲ ਨੂੰ ਬਣਾਉਣ ਦੇ ਲਈ ਹਾਲੇ ਡਿਜ਼ਾਇਨ ਮਨਜ਼ੂਰ ਨਹੀਂ ਹੋ ਸਕਿਆ ਹੈ। ਇਸ ਦੇ ਬਾਵਜੂਦ 100 ਸਾਲ ਪੁਰਾਣੇ ਪੁੱਲ ਨੂੰ ਤੋੜਨ ਲਈ ਨਿਗਮ ਨੇ ਵੱਖ ਤੋਂ ਟੈਂਡਰ ਲਾਇਆ ਹੈ। ਇਸ ਪੁਲ ਨੂੰ ਤੁੜਵਾਉਣ ਦੇ ਨਾਮ ’ਤੇ ਹੁਣ ਨਗਰ ਨਿਗਮ ਇੱਕ ਕਰੋੜ ਰੁਪਏ ਠੇਕੇਦਾਰ ਨੂੰ ਦੇਣ ਦੀ ਤਿਆਰੀ ’ਚ ਹੈ। ਇਸ ਨੂੰ ਲੈ ਕੇ ਨਿਗਮ ਨੇ ਟੈਂਡਰ ਵੀ ਲਾ ਦਿੱਤਾ ਹੈ।
ਇਸ ਲਈ ਠੇਕੇਦਾਰ ਵੀ ਅੱਗੇ ਆ ਚੁੱਕੇ ਹਨ। ਹਾਲਾਂ ਕਿ ਹਾਲੇ ਵਰਕ ਆਰਡਰ ਜਾਰੀ ਨਹੀਂ ਕੀਤਾ ਗਿਆ, ਕਿਉਂਕਿ ਇਸ ਨੂੰ ਠੇਕਾ ਤੇ ਵਿੱਤ ਕਮੇਟੀ ਕੋਲੋਂ ਹਾਲੇ ਮਨਜ਼ੂਰੀ ਮਿਲਣੀ ਹੈ। ਦੱਸ ਦੇਈਏ ਕਿ 100 ਸਾਲ ਪੁਰਾਣੇ ਕੰਡਮ ਪੁਲ ਨੂੰ 10 ਸਾਲ ਪਹਿਲਾਂ ਅਸੁਰੱਖਿਅਤ ਐਲਾਨ ਦਿੱਤਾ ਗਿਆ ਹੈ। ਇਸ ’ਤੇ ਟਰੈਫਿਕ ਰੋਕ ਦਿੱਤਾ ਗਿਆ ਸੀ। ਆਲਮ ਇਹ ਹੈ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਇਸ ਪੁਲ ਨੂੰ ਬਣਾਉਣ ਲਈ ਯੋਜਨਾ ਤਾਂ ਕਈ ਵਾਰ ਬਣਾਈ ਸੀ ਪਰ ਇਸ ਦੇ ਟੈਂਡਰ ਹੀ ਨਹੀਂ ਲਾਏ ਗਏ। ਅਜਿਹੇ ’ਚ ਹੁਣ ਅਚਾਨਕ ਤੋਂ ਇੱਕ ਨਵਾਂ ਰੂਪ ਦੇਖਣ ਨੂੰ ਮਿਲਿਆ ਹੈ ਕਿ 100 ਸਾਲ ਪੁਰਾਣੇ ਕੰਡਮ ਪੁਲ ਨੂੰ ਬਣਾਉਣ ਦੀ ਜਗ੍ਹਾ, ਸਿਰਫ਼ ਤੋੜਨ ਲਈ ਨਿਗਮ 1 ਕਰੋੜ ਰੁਪਏ ਖਰਚ ਕਰਨ ਜਾ ਰਿਹਾ ਹੈ।
ਇਸ ਟੈਂਡਰ ਦੇ ਜਾਰੀ ਹੁੰਦਿਆਂ ਹੀ ਇਸ ਗੱਲ ਦੀ ਵੀ ਚਰਚਾ ਛਿੜ ਗਈ ਹੈ ਕਿ ਇਸ ਟੈਂਡਰ ਨੂੰ ਸਿਆਸੀ ਆਗੂ ਦੇ ਨਜ਼ਦੀਕੀ ਨੂੰ ਦਿੱਤਾ ਜਾਣਾ ਹੈ।