ਪੱਤਰ ਪ੍ਰੇਰਕ
ਪਾਇਲ, 11 ਮਾਰਚ
ਛੋਟੀ ਉਮਰੇ ਵੱਡੀਆਂ ਪੁਲਾਘਾਂ ਪੁੱਟਣ ਵਾਲੀ ਹਲਕਾ ਪਾਇਲ ਦੇ ਪਿੰਡ ਰੋੜੀਆਂ (ਮਲੌਦ) ਦੀ ਜੰਮਪਲ ਸਿਮਰਨ ਪ੍ਰੀਤਮ ਦੇ ਸਰਕਾਰਾਂ ਦੀ ਬੇਰੁਖ਼ੀ ਦੇ ਕਾਰਨ ਅੱਜ ਵੀ ਖੇਡਾਂ ਵਿੱਚ ਸਮਰਪਿਤ ਭਾਵਨਾ ਨੂੰ ਲੈ ਕੇ ਹੌਸਲੇ ਬੁਲੰਦ ਹਨ। ਸਿਮਰਨ ਪ੍ਰੀਤਮ ਦੇ ਪਿਤਾ ਬਸੰਤ ਸਿੰਘ ਨੇ ਦੱਸਿਆ ਕਿ ਸਿਮਰਨ ਚੰਡੀਗੜ੍ਹ ਦੇ ਡੀਏਵੀ ਕਾਲਜ ਦੇ ਬੀਏ ਭਾਗ ਦੇ ਆਖਰੀ ਸਾਲ ਦੀ ਵਿਦਿਆਰਥਣ ਹੈ। ਸਿਮਰਨ ਪ੍ਰੀਤਮ ਲਾਅਨ ਟੈਨਿਸ ਦੀ ਦੁਨੀਆਂ ਦਾ ਚਮਕਦਾ ਸਿਤਾਰਾ ਬਣ ਚੁੱਕੀ ਹੈ, ਜੋ ਕੌਮਾਂਤਰੀ ਅਤੇ ਪੰਜਾਬ ਪੱਧਰ ਦੇ ਅਨੇਕਾਂ ਮੈਡਲ ਜਿੱਤ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਸਿਮਰਨ ਪ੍ਰੀਤਮ ਦੇਸ਼ ਦੀ ਪਹਿਲੀ ਅਜਿਹੀ ਲਾਅਨ ਟੈਨਿਸ ਦੀ ਖਿਡਾਰਨ ਹੈ, ਜਿਸ ਨੇ 9 ਸਾਲ ਦੀ ਉਮਰ ਵਿੱਚ ਕੌਮੀ ਪੱਧਰ ਤੇ ਆਪਣੀ ਖੇਡ ਦਾ ਲੋਹਾ ਮਨਵਾਇਆ। 2011 ਤੋਂ ਲਗਾਤਾਰ 2022 ਤਕ ਨੈਸ਼ਨਲ, ਇੰਟਰ ਕਾਲਜ, ਨਾਰਥ ਜ਼ੋਨ, ਆਲ ਇੰਡੀਆ ਯੂਨੀਵਰਸਿਟੀ, ਖੇਲੋ ਇੰਡੀਆ ਪੱਧਰ ਤੇ ਆਪਣੀ ਖੇਡ ਦਾ ਲੋਹਾ ਮਨਵਾ ਰਹੀ ਹੈ। ਸਿਮਰਨ ਪ੍ਰੀਤਮ ਆਲ ਇੰਡੀਆਂ ਯੂਨੀਵਰਸਿਟੀ ਖੇਡਾਂ ਵਿੱਚ ਭਾਗ ਲੈਣ ਲਈ ਚੰਡੀਗੜ੍ਹ ਵਿੱਚ ਲੱਗੇ ਕੈਂਪ ਦੌਰਾਨ ਆਪਣਾ ਅਭਿਆਸ ਕਰ ਰਹੀ ਹੈ, ਜਿਸ ਦਾ ਸੁਪਨਾ ਹੈ ਕਿ ਉਹ ਵੀ ਅਮਰੀਕਾ ਦੀ ਸ਼ੇਰੇਨਾ ਵਿਲੀਅਮਜ਼ ਵਾਂਗ ਵਿਸ਼ਵ ਦੀ ਨੰਬਰ 1 ਖਿਡਾਰਨ ਬਣ ਕੇ ਦੇਸ਼ ਅਤੇ ਪੰਜਾਬ ਦਾ ਨਾਮ ਪੂਰੇ ਵਿਸ਼ਵ ਭਰ ਵਿੱਚ ਰੌਸ਼ਨ ਕਰੇ। ਕੌਮੀ ਖਿਡਾਰਨ ਸਿਮਰਨ ਪ੍ਰੀਤਮ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਜਿੱਤਣ ਲਈ ਖੇਡਦੀ ਹੈ। ਉਸ ਨੇ 9 ਸਾਲ ਦੀ ਉਮਰ ਤੋਂ ਹੀ ਜ਼ਿਲ੍ਹਾ, ਸਟੇਟ ਅਤੇ ਕੌਮੀ ਪੱਧਰ ਦੇ ਮੁਕਾਬਲਿਆਂ ’ਚ ਸ਼ਮੂਲੀਅਤ ਕਰ ਕੇ ਆਪਣੇ ਪਿੰਡ ਮਲੌਦ ਰੋੜੀਆਂ ਅਤੇ ਜ਼ਿਲ੍ਹੇ ਦਾ ਨਾਂ ਪੂਰੇ ਦੇਸ਼ ਵਿੱਚ ਰੌਸ਼ਨ ਕੀਤਾ ਹੈ। ਉਸ ਨੇ ਲਗਾਤਾਰ ਅੰਡਰ 14, 16, 17 ਅਤੇ ਅੰਡਰ 19 ਵਿੱਚ ਗੋਲਡ ਮੈਡਲ ਜਿੱਤੇ ਹਨ। 2013 ਵਿੱਚ ਪੰਜਾਬ ਰਾਜ ਮਹਿਲਾ ਖੇਡਾਂ ਵਿੱਚ ਵੀ ਗੋਲਡ ਮੈਡਲ ਜਿੱਤਿਆ ਜੋ ਕਿ ਬਠਿੰਡਾ ਵਿੱਚ ਹੋਈਆਂ ਸਨ, 2016 ਵਿੱਚ ਸਪੇਨ ਦੀ ਧਰਤੀ ਤੇ ਜਾ ਕੇ ਵੀ ਆਪਣੀ ਖੇਡ ਦਾ ਲੋਹਾ ਮਨਵਾਇਆ ਅਤੇ ਆਪਣੇ ਸਾਰੇ ਮੁਕਾਬਲੇ ਜਿੱਤ ਕੇ ਪਹਿਲੇ ਨੰਬਰ ’ਤੇ ਆਈ। ਬਸੰਤ ਸਿੰਘ ਨੇ ਦੱਸਿਆ ਕਿ ਸਿਮਰਨ ਪ੍ਰੀਤਮ ਨੇ 2019 ਵਿੱਚ ਡੀਏਵੀ ਸਕੂਲ ਚੰਡੀਗੜ੍ਹ ਵੱਲੋਂ ਖੇਡਦਿਆਂ ਅੰਡਰ 19 ਵਿੱਚ ਨੈਸ਼ਨਲ ਗੋਲਡ ਮੈਡਲ ਜਿੱਤਿਆ। ਉਹਨਾਂ ਕਿਹਾ ਕਿ ਹੁਣ ਉਹ ਪੰਜਾਬ ਸਰਕਾਰਾਂ ਦੀ ਬੇਰੁਖੀ ਦੇ ਕਾਰਨ ਆਪਣਾ 100 ਫੀਸਦੀ ਪ੍ਰਦਰਸ਼ਨ ਕਰਨ ਤੋਂ ਅਸਮਰੱਥ ਹੈ, ਕਿਉਂਕਿ ਟੈਨਸ ਬਹੁਤ ਮਹਿੰਗੀ ਖੇਡ ਹੈ। ਕੋਚਿੰਗ ਤੋਂ ਇਲਾਵਾ ਟੂਰਨਾਮੈਂਟਾਂ ਤੇ ਵੀ ਵੱਧ ਖ਼ਰਚ ਆਉਣ ਕਾਰਨ ਉਹ ਬਹੁਤੇ ਟੂਰਨਾਮੈਟਾਂ ਵਿੱਚ ਭਾਗ ਲੈਣ ਤੋਂ ਵਾਝੀਂ ਰਹੀ ਹੈ। 2014 ਵਿੱਚ ਬਾਦਲ ਸਰਕਾਰ ਨੇ ਉਸ ਦੀਆਂ ਖੇਡ ਪ੍ਰਾਪਤੀਆਂ ਨੂੰ ਦੇਖਦੇ ਹੋਏ 5 ਸਾਲਾਂ ਲਈ ਸਪਾਂਸਰ ਕੀਤਾ ਸੀ ਪਰ ਕਾਂਗਰਸ ਸਰਕਾਰ ਨੇ ਉਸ ਦੀ ਸਪਾਂਸਰਸ਼ਿਪ ਨੂੰ ਜਾਰੀ ਤਾਂ ਕੀ ਰੱਖਣਾ ਸੀ ਸਗੋਂ ਖ਼ਤਮ ਕਰ ਦਿੱਤਾ ਜਿਸ ਕਾਰਨ ਉਹ ਆਪਣੀ ਖੇਡ ਤੋਂ ਪੱਛੜ ਰਹੀ ਹੈ। ਹੁਣ ਉਸ ਨੂੰ ਇੱਕ ਵਾਰ ਫੇਰ ਪੰਜਾਬ ਦੀ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬਹੁਤ ਉਮੀਦਾਂ ਹਨ ਕਿ ਖਿਡਾਰੀਆਂ ਲਈ ਕੋਈ ਬਿਹਤਰ ਉਪਰਾਲੇ ਕਰੇਗੀ ਅਤੇ ਉਹ ਆਪਣੀ ਖੇਡ ਨੂੰ ਬੁਲੰਦੀਆਂ ਤੱਕ ਲਿਜਾਣ ਵਿੱਚ ਸਫਲ ਹੋਵੇਗੀ।