ਗਗਨਦੀਪ ਅਰੋੜਾ
ਲੁਧਿਆਣਾ, 17 ਅਕਤੂਬਰ
ਸਨਅਤੀ ਸ਼ਹਿਰ ’ਚ ਧੂਰੀ ਲਾਈਨ ਨੇੜੇ ਸੰਤਪੁਰਾ ਮੁਹੱਲੇ ’ਚ ਸ਼ਰਾਰਤੀ ਅਨਸਰਾਂ ਨੇ ਮਾਂ ਕਾਲੀ ਦੀ ਮੂਰਤੀ ਦੀ ਬੇਅਦਬੀ ਕਰ ਦਿੱਤੀ। ਘਟਨਾ ਦੇਰ ਰਾਤ ਦੀ ਹੈ। ਸਵੇਰੇ ਜਿਵੇਂ ਹੀ ਇਲਾਕੇ ਦੇ ਲੋਕ ਮੰਦਿਰ ਪੁੱਜੇ ਤਾਂ ਬੇਅਦਬੀ ਦੀ ਘਟਨਾ ਬਾਰੇ ਪਤਾ ਲੱਗਿਆ। ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਸ਼ਹਿਰ ਦੇ ਸਾਰੇ ਪੁਲੀਸ ਅਧਿਕਾਰੀ ਮੌਕੇ ’ਤੇ ਪੁੱਜ ਗਏ।
ਇਸ ਦੌਰਾਨ ਹਿੰਦੂ ਜਥੇਬੰਦੀਆਂ ਦੇ ਆਗੂ ਵੀ ਮੌਕੇ ’ਤੇ ਪੁੱਜ ਗਏ, ਜਿਨ੍ਹਾਂ ਆਉਂਦੇ ਸਾਰ ਹੀ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਘਟਨਾ ਸਥਾਨ ’ਤੇ ਜ਼ਿਲ੍ਹਾ ਪੁਲੀਸ ਅਧਿਕਾਰੀ ਏਡੀਸੀਪੀ ਰੁਪਿੰਦਰ ਕੌਰ ਸਰਾਓ, ਏਸੀਪੀ ਰਾਜੇਸ਼ ਸ਼ਰਮਾ, ਏਸੀਪੀ ਹਰੀਸ਼ ਬਹਿਲ ਪੁੱਜੇ। ਪੁਲੀਸ ਨੇ ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰੇ ਖੰਗਾਲਣੇ ਸ਼ੁਰੂ ਕਰ ਦਿੱਤੇ, ਫਿਲਹਾਲ ਪੁਲੀਸ ਨੂੰ ਕੋਈ ਪੁਖਤਾ ਸਬੂਤ ਨਹੀਂ ਮਿਲਿਆ ਹੈ। ਮੰਦਿਰ ’ਚ ਹੋਈ ਇਸ ਬੇਅਦਬੀ ਦੀ ਘਟਨਾ ਮਗਰੋਂ ਇਲਾਕਾ ਵਾਸੀਆਂ ’ਚ ਕਾਫ਼ੀ ਰੋਸ ਹੈ। ਸ਼ਹਿਰ ਦੀਆਂ ਧਾਰਮਿਕ ਹਿੰਦੂ ਜੱਥੇਬੰਦੀਆਂ ਵੀ ਮੌਕੇ ’ਤੇ ਪੁੱਜ ਗਈਆਂ ਸਨ। ਸ਼ਿਵ ਸੈਨਾ ਪੰਜਾਬ ਦੇ ਚੇਅਰਮੈਨ ਰਾਜੀਵ ਟੰਡਨ, ਅਮਿਤ ਅਰੋੜਾ ਤੇ ਭਾਨੂ ਪ੍ਰਤਾਪ ਮੌਕਾ ਦੇਖਣ ਪੁੱਜੇ। ਧਾਰਮਿਕ ਜਥੇਬੰਦੀਆਂ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ। ਮੰਦਿਰ ’ਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਨਹੀਂ ਹਨ, ਜਿਸ ਜਗ੍ਹਾ ਘਟਨਾ ਹੋਈ ਹੈ, ਉਹ ਰੇਲਵੇ ਲਾਈਨਾਂ ਦੇ ਕੋਲ ਹੈ। ਦੱਸਿਆ ਜਾ ਰਿਹਾ ਹੈ ਕਿ ਮੰਦਿਰ ’ਚ ਜੋ ਪੁਜਾਰੀ ਰੱਖਿਆ ਹੈ, ਉਹ ਰਾਤ ਸਮੇਂ ਮੰਦਰ ’ਚ ਨਹੀਂ ਹੁੰਦਾ। ਘਟਨਾ ਸਥਾਨ ’ਤੇ ਥਾਣਾ ਜੀਆਰਪੀ ਤੇ ਆਰਪੀਐਫ਼ ਦੇ ਅਧਿਕਾਰੀਆਂ ਨੂੰ ਵੀ ਸੱਦਿਆ ਗਿਆ। ਧਾਰਮਿਕ ਜਥੇਬੰਦੀਆਂ ਨੇ ਕਿਹਾ ਕਿ ਜੇਕਰ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਕਰਨਗੇ। ਹਿੰਦੂ ਜਥੇਬੰਦੀਆਂ ਦੇ ਲੋਕਾਂ ਨੇ ਦੱਸਿਆ ਕਿ ਸ਼ਰਾਰਤੀ ਲੋਕਾਂ ਨੇ ਇਹ ਮਾਹੌਲ ਖ਼ਰਾਬ ਕਰਨ ਲਈ ਸਭ ਕੁੱਝ ਕੀਤੀ ਹੈ। ਸੋਮਵਾਰ ਹਿੰਦੂ ਧਰਮ ਵਿੱਚ ਇੱਕ ਵਰਤ ਵੀ ਸੀ, ਜਿਸ ਕਾਰਨ ਜਾਣ-ਬੁੱਝ ਕੇ ਹਿੰਦੂ ਧਰਮ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।