ਪੱਤਰ ਪ੍ਰੇਰਕ
ਜਗਰਾਉਂ, 1 ਜੁਲਾਈ
ਪੰਜਾਬ ਪੁਲੀਸ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਜਥੇਬੰਦੀ ਦੇ ਪ੍ਰਧਾਨ ਰਮਿੰਦਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਪ੍ਰਧਾਨ ਰਮਿੰਦਰਜੀਤ ਸਿੰਘ ਨੇ ਡੇਰਾਬਸੀ ਨੇੜੇ ਪਿੰਡ ਹੈਬਾਤਪੁਰ ਵਿੱਚ ਪਿਛਲੇ ਦਿਨੀਂ ਪੁਲੀਸ ਅਤੇ ਲੋਕਾਂ ’ਚ ਹੋਈ ਤਕਰਾਰ ਦੌਰਾਨ ਸਬ-ਇੰਸਪੈਕਟਰ ਬਲਵਿੰਦਰ ਸਿੰਘ ਵੱਲੋਂ ਸਰਕਾਰੀ ਰਿਵਾਲਵਰ ਨਾਲ ਚਲਾਈ ਗੋਲੀ ਨਾਲ ਜ਼ਖ਼ਮੀ ਹੋਏ ਇੱਕ ਵਿਅਕਤੀ ਅਤੇ ਉਸ ਦੀ ਸਾਥਣ ਔਰਤ ਵੱਲੋਂ ਕੀਤੇ ਮਾੜੇ ਵਿਹਾਰ ’ਤੇ ਚਰਚਾ ਕੀਤੀ ਗਈ। ਪ੍ਰਧਾਨ ਰਮਿੰਦਰਜੀਤ ਸਿੰਘ ਨੇ ਇਸ ਸਬੰਧ ’ਚ ਵਾਇਰਲ ਹੋਈਆਂ ਵੀਡੀਓ ਦਾ ਹਵਾਲਾ ਦਿੰਦੇ ਹੋਏ ਆਖਿਆ ਕਿ ਅਧਿਕਾਰੀ ਦੀ ਵਿਰੋਧੀ ਧਿਰ ਨੇ ਉਸ ਨੂੰ ਗੋਲੀ ਚਲਾਉਣ ਲਈ ਉਕਸਾਇਆ ਹੈ ਅਤੇ ਵਰਦੀ ਨੂੰ ਹੱਥ ਪਾਉਣ ਦੀ ਕੁਤਾਹੀ ਕੀਤੀ ਹੈ। ਉਨ੍ਹਾਂ ਕਿਹਾ ਅਜਿਹੀਆਂ ਕਾਰਵਾਈਆਂ ਨਾਲ ਪੁਲੀਸ ਨੂੰ ਸੁਤੰਤਰ ਤੌਰ ’ਤੇ ਕੰਮ ਕਰਨ ਤੋਂ ਰੋਕਿਆ ਜਾਣਾ ਠੀਕ ਨਹੀਂ ਹੈ। ਉਨ੍ਹਾਂ ਮੰਗ ਕੀਤੀ ਸਿੱਟ ਲੋਕਾਂ ਸਾਹਮਣੇ ਸੱਚ ਲੈ ਕੇ ਆਵੇ ਅਤੇ ਢੁੱਕਵੀਂ ਕਾਰਵਾਈ ਅਮਲ ਵਿੱਚ ਲਿਆਵੇ। ਜੇ ਅਜਿਹਾ ਨਹੀਂ ਹੁੰਦਾ ਤਾਂ ਪੈਨਸ਼ਨਰ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।
ਇਸ ਸਬੰਧੀ ਇਨਸਾਫ ਲਈ ਇੱਕ ਮੰਗ ਪੱਤਰ ਪ੍ਰਧਾਨ ਰਮਿੰਦਰਜੀਤ ਸਿੰਘ ਅਤੇ ਸਾਥੀਆਂ ਵੱਲੋਂ ਐੱਸਐੱਸਪੀ ਦੀਪਕ ਹਿਲੋਰੀ ਨੂੰ ਸਰਕਾਰ ਅਤੇ ਡੀਜੀਪੀ ਦੇ ਨਾਂ ਭੇਜਿਆ ਗਿਆ ਹੈ।