ਰਾਏਕੋਟ: ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨਜ਼ ਦੇ ਸੂਬਾ ਸਕੱਤਰ ਦਲਜੀਤ ਕੁਮਾਰ ਗੋਰਾ ਨੇ ਸਬਜ਼ੀ ਮੰਡੀ ਵਿੱਚ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਚਾਵਲ, ਕਣਕ, ਦਾਲਾਂ ਸਮੇਤ ਦੁੱਧ, ਦਹੀਂ, ਪਨੀਰ, ਮੀਟ, ਮੱਛੀ ਅਤੇ ਗੁੜ ਵਰਗੀਆਂ ਜ਼ਰੂਰੀ ਖ਼ੁਰਾਕੀ ਵਸਤਾਂ ਨੂੰ ਜੀ.ਐੱਸ.ਟੀ ਦੇ ਘੇਰੇ ਵਿੱਚ ਲਿਆਂਦਾ ਗਿਆ ਹੈ। ਉਨ੍ਹਾਂ ਲੋਕ ਮਾਰੂ ਅੱਤਿਆਚਾਰੀ ਟੈਕਸ ਵਾਪਸ ਲੈਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਨੂੰ ਆਪਣੀ ਬੱਚਤ ਦੇ ਪੈਸੇ ਬੈਂਕਾਂ ਤੋਂ ਪੈਸੇ ਕਢਵਾਉਣ ਸਮੇਂ ਬੈਂਕ ਦੇ ਚੈੱਕਾਂ ’ਤੇ ਵੀ 18 ਫ਼ੀਸਦੀ ਜੀਐੱਸਟੀ ਲਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਰਾਜਾਂ ਦੀਆਂ ਭਾਜਪਾ ਸਰਕਾਰਾਂ ਘੱਟੋ-ਘੱਟ ਉਜ਼ਰਤਾਂ ਵਧਾਉਣ ਅਤੇ ਨੌਕਰੀਆਂ ਦੇ ਨੁਕਸਾਨ ਨੂੰ ਰੋਕਣ ਤੋਂ ਕਦੇ ਵੀ ਝਿਜਕਦੀਆਂ ਨਹੀਂ ਹਨ ਅਤੇ ਲੋਕਾਂ ’ਤੇ ਹੋਰ ਬੋਝ ਪਾ ਰਹੀਆਂ ਹਨ। ਉਨ੍ਹਾਂ 1 ਤੋਂ 14 ਅਗਸਤ ਤੱਕ ਪੰਦਰਵਾੜਾ ਮੁਹਿੰਮ ਨੂੰ ਸਫ਼ਲ ਬਣਾਉਣ ਦਾ ਸੱਦਾ ਦਿੱਤਾ। – ਨਿੱਜੀ ਪੱਤਰ ਪ੍ਰੇਰਕ