ਸਤਵਿੰਦਰ ਬਸਰਾ
ਲੁਧਿਆਣਾ, 19 ਜੁਲਾਈ
ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੱਦੇ ’ਤੇ ਅੱਜ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ (ਲੁਧਿਆਣਾ) ਵਿਖੇ ਵੱਖ-ਵੱਖ ਜੱਥੇਬੰਦੀਆਂ ਨੇ ਭਾਜਪਾ ਦੀ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਵੱਲੋਂ ਭੀਮਾ ਕੋਰੇਗਾਓਂ ਅਤੇ ਹੋਰ ਝੂਠੇ ਕੇਸਾਂ ਵਿੱਚ ਜੇਲ੍ਹੀਂ ਡੱਕੇ ਸਮਾਜ ਚਿੰਤਕਾਂ, ਲੋਕ ਪੱਖੀ ਬੁੱਧੀਜੀਵੀਆਂ, ਡਾਕਟਰਾਂ, ਵਕੀਲਾਂ ਦੀ ਰਿਹਾਈ ਲਈ ਲਈ ਰੋਸ ਪ੍ਰਗਟਾਇਆ।
ਜਮਹੂਰੀ ਅਧਿਕਾਰ ਸਭਾ ਦੇ ਜਨਰਲ ਸਕੱਤਰ ਪ੍ਰੋ. ਜਗਮੋਹਨ ਸਿੰਘ ਨੇ ਸਪੱਸ਼ਟ ਕੀਤਾ ਕਿ ਅੰਗਰੇਜ਼ਾਂ ਤੋਂ ਵੀ ਵੱਧ ਜ਼ਾਲਮ ਸਰਕਾਰਾਂ ਅੱਜ ਲੋਕਾਂ ਦੀ ਹੱਕੀ ਆਵਾਜ਼ ਦਬਾ ਕੇ ਆਪਣੇ ਵਿਰੋਧੀ ਵਿਚਾਰਾਂ ਨੂੰ ਖਤਮ ਕਰਨ ਲਈ ਝੂਠੇ ਕੇਸਾਂ ਦਾ ਸਹਾਰਾ ਲੈ ਰਹੀਆਂ ਹਨ। ਸਰਕਾਰ ਵਰਵਰਾ ਰਾਓ ਵਰਗੇ 80 ਸਾਲਾਂ ਤੋਂ ਵੀ ਵੱਧ ਉਮਰ ਦੇ ਦੇਸ਼ ਭਗਤਾਂ ਨੂੰ ਕਰੋਨਾ ਦੀ ਬਿਮਾਰੀ ਨਾਲ ਖਤਮ ਕਰਨ ’ਤੇ ਤੁਲੀ ਹੋਈ ਹੈ ਅਤੇ ਕਰੋਨਾ ਦੀ ਆੜ ’ਚ ਲੋਕਾਂ ਦੇ ਅਸਲ ਮੁੱਦਿਆਂ ਲਈ ਉੱਠ ਰਹੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਸਭਾ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਜੀਰਖ ਨੇ ਸਾਰੀਆਂ ਜਥੇਬੰਦੀਆਂ ਨੂੰ ਇਸ ਵੱਡੇ ਮਸਲੇ ’ਤੇ ਇੱਕਜੁੱਟ ਹੋ ਕੇ ਸੰਘਰਸ਼ ਲਈ ਅੱਗੇ ਆਉਣ ਦੀ ਅਪੀਲ ਕੀਤੀ।
ਅਖੀਰ ਵਿੱਚ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਦੇ ਪਿੰਜਰੇ ਅੰਦਰ ਬੰਦ ਬੁੱਤ, ਜੋ ਇਸ ਯਾਦਗਾਰ ਵਿੱਚ ਸੈਲੂਲਰ ਜੇਲ੍ਹ ਨਮੂਨੇ ਦੇ ਬਣੇ ਕਮਰੇ ’ਚ ਸਥਾਪਤ ਹੈ, ਕੋਲ ਜਾਕੇ ਲੋਕ ਪੱਖੀ ਬੁੱਧੀ-ਜੀਵੀਆਂ ਨੂੰ ਰਿਹਾ ਕਰਨ ਅਤੇ ਕੇਂਦਰ ਸਰਕਾਰ ਵਿਰੱਧ ਨਾਅਰੇਬਾਜ਼ੀ ਕੀਤੀ ਅਤੇ ਗ਼ਦਰੀ ਬਾਬਿਆਂ, ਭਗਤ, ਸਰਾਭਿਆਂ ਵੱਲੋਂ ਚਿਤਵੇ ਬਰਾਬਰਤਾ ਵਾਲੇ ਸਮਾਜ ਦੀ ਸਿਰਜਣਾ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ ਗਿਅ।
ਜਗਰਾਉਂ (ਚਰਨਜੀਤ ਸਿੰਘ ਢਿੱਲੋਂ): ਪੇਂਡੂ ਮਜ਼ਦੂਰ ਯੂਨੀਅਨ, ਸੀਪੀਆਈ (ਐੱਮ.ਐੱਲ) ਨਿਊਡੈਮੋਕ੍ਰੇਸੀ ਨੇ ਮੁੰਬਈ ਦੀ ਤਲੋਜਾ ਜੇਲ੍ਹ ’ਚ ਬੰਦ ਤੇਲਗੂ ਵਰਵਰਾ ਰਾਓ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ ਕਰਦਿਆਂ ਸ਼ਹਿਰ ’ਚ ਰੋਸ ਮਾਰਚ ਕੀਤਾ। ਰਸੂਲਪੁਰ, ਮੱਲਾ, ਅਗਵਾੜ ਗੁੱਜਰਾਂ, ਰਾਣੀਵਾਲਾ ਖੂਹ, ਮਾਣੂੰਕੇ ਆਦਿ ਪਿੰਡਾਂ ਅਤੇ ਵਾਰਡਾਂ ’ਚ ਵਰਵਰਾ ਰਾਓ ਦੀ ਰਿਹਾਈ ਲਈ ਸਰਕਾਰਾਂ ਦਾ ਪਿੱਟ ਸਿਆਪਾ ਕੀਤਾ ਗਿਆ। ਅਵਤਾਰ ਰਸੂਲਪੁਰ ਨੇ ਬੁੱਧਜੀਵੀਆਂ ਦੀ ਗ੍ਰਿਫ਼ਤਾਰੀ ਨੂੰ ਇਨਸਾਨੀਅਤ ਵਿਰੋਧੀ ਤੇ ਲੋਕ ਆਵਾਜ਼ ਦਬਾਉਣ ਦਾ ਘਟੀਆ ਰਸਤਾ ਦੱਸਿਆ। ਮੁਜ਼ਾਹਰਾਕਾਰੀਆਂ ਨੇ ਰਿਹਾਈ ਤੱਕ ਸੰਘਰਸ਼ ਜਾਰੀ ਰੱਖਣ ਦੀ ਚਿਤਾਵਨੀ ਦਿੱਤੀ।
ਇਸੇ ਦੌਰਾਨ ਇਨਕਲਾਬੀ ਕੇਂਦਰ ਪੰਜਾਬ, ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਤੇ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਵਰਕਰਾਂ ਵੱਲੋਂ ਵਰਵਰਾ ਰਾਓ ਦੇ ਹੱਕ ’ਚ ਇਲਾਕੇ ਭਰ ’ਚ ਦਰਜਨ ਦੇ ਕਰੀਬ ਥਾਵਾਂ ਤੇ ਰੋਸ ਪ੍ਰਦਰਸ਼ਨ ਕੀਤੇ ਗਏ। ਪਿੰਡ ਭੂੰਦੜੀ ’ਚ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂ ਡਾ.ਸੁਖਦੇਵ ਭੂੰਦੜੀ ਨੇ ਆਖਿਆ ਕਿ ਕਾਮਰੇਡ ਵਰਵਰਾ ਰਾਓ ਦੀ ਰਿਹਾਈ ਤੇ ਇਲਾਜ ਤੋਂ ਇਲਾਵਾ ਹੋਰ ਬੁੱਧੀਜੀਵੀਆਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ।
ਜਨਤਕ ਇਕੱਠਾਂ ’ਤੇ ਪਾਬੰਦੀਆਂ ਦੀ ਨਿਖੇਧੀ
ਗੁਰੂਸਰ ਸੁਧਾਰ (ਸੰਤੋਖ ਸਿੰਘ ਗਿੱਲ): ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਅਤੇ ਜਮਹੂਰੀ ਅਧਿਕਾਰ ਸਭਾ ਪੰਜਾਬ ਵੱਲੋਂ ਗੁਰਸ਼ਰਨ ਕਲਾ ਭਵਨ ਮੁੱਲਾਂਪੁਰ ਵਿਚ ਸੁਰਿੰਦਰ ਸ਼ਰਮਾ, ਦੀਪਕ ਰਾਏ ਤੇ ਹੋਰ ਆਗੂਆਂ ਨੇ ਵਰਵਰਾ ਰਾਓ ਸਮੇਤ ਹੋਰ ਬੁੱਧੀਜੀਵੀਆਂ ਦੀ ਰਿਹਾਈ ਲਈ ਉਹ ਹਰ ਸੰਘਰਸ਼ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਬੁਲਾਰਿਆਂ ਨੇ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਕਰੋਨਾ ਮਹਾਮਾਰੀ ਦੀ ਆੜ ਹੇਠ ਲੋਕ ਮਸਲਿਆਂ ਲਈ ਹਰ ਤਰ੍ਹਾਂ ਦੇ ਇਕੱਠ ਕਾਰਨ ’ਤੇ ਲਾਈਆਂ ਪਾਬੰਦੀਆਂ ਦੀ ਵੀ ਅਲੋਚਨਾ ਕੀਤੀ।