ਜਸਬੀਰ ਸ਼ੇਤਰਾ
ਜਗਰਾਉਂ, 15 ਫਰਵਰੀ
20 ਫਰਵਰੀ ਨੂੰ ਹੋਣ ਜਾ ਰਹੀਆਂ ਚੋਣਾਂ ਦੇ ਮੱਦੇਨਜ਼ਰ ਪੜਾਅਵਾਰ ਦਿੱਤੀਆਂ ਜਾ ਰਹੀਆਂ ਛੋਟਾਂ ਤੇ ਢਿੱਲ ਦੇ ਬਾਵਜੂਦ ਸਕੂਲ ਨਾ ਖੋਲ੍ਹਣ ਨੂੰ ਲੈ ਕੇ ਅੱਜ ਇਥੇ ਕੌਮੀ ਸ਼ਾਹਰਾਹ ’ਤੇ ਰੋਸ ਪ੍ਰਗਟਾਇਆ ਗਿਆ। ਹੱਥਾਂ ’ਚ ਕਾਲੀਆਂ ਝੰਡੀਆਂ ਤੇ ਬੈਨਰ ਫੜ ਕੇ ਸਕੂਲ ਪ੍ਰਬੰਧਕ, ਮਾਪੇ, ਅਧਿਆਪਕ ਤੇ ਵੈਨ ਡਰਾਈਵਰਾਂ ਨੇ ‘ਗਾਂਧੀਗਿਰੀ’ ਦਿਖਾਈ। ਉਹ ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਮਾਰਗ ’ਤੇ ਚੌਕੀਮਾਨ ਨੇੜੇ ਕਈ ਘੰਟੇ ਚੁੱਪ ਕਰਕੇ ਸਕੂਲ ਖੋਲ੍ਹਣ ਦੀ ਮੰਗ ਕਰਦੇ ਰਹੇ।
ਐਸੋਸੀਏਸ਼ਨ ਦੇ ਆਗੂ ਬਲਦੇਵ ਬਾਵਾ, ਨਵਨੀਤ ਚੌਹਾਨ, ਬਲਦੇਵ ਕ੍ਰਿਸ਼ਨ ਅਰੋੜਾ, ਬੇਅੰਤ ਬਾਵਾ ਆਦਿ ਨੇ ਕਿਹਾ ਕਿ ਵੋਟਾਂ ਦਾ ਪ੍ਰਚਾਰ ਧੜੱਲੇ ਨਾਲ ਚੱਲ ਰਿਹਾ ਹੈ, ਵੱਡੇ ਇਕੱਠ ਵਾਲੀਆਂ ਰੈਲੀਆਂ ਵੀ ਹੋ ਰਹੀਆਂ ਜਿਸ ’ਚ ਹਜ਼ਾਰਾਂ ਦੀ ਭੀੜ ਜੁੜਨ ਲੱਗੀ ਹੈ ਪਰ ਸਕੂਲਾਂ ਵਿੱਚ ਕੁਝ ਕੁ ਵਿਦਿਆਰਥੀਆਂ ਦੇ ਇਕੱਠ ’ਤੇ ਪਾਬੰਦੀ ਹੈ। ਉਨ੍ਹਾਂ ਕਿਹਾ ਕਿ ਸਕੂਲ ਬੰਦ ਰੱਖ ਕੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਹੋ ਰਿਹਾ ਹੈ ਕਿਉਂਕਿ ਆਨਲਾਈਨ ਪੜ੍ਹਾਈ ਦੇ ਫਾਇਦੇ ਘੱਟ ਅਤੇ ਨੁਕਸਾਨ ਬਹੁਤ ਜ਼ਿਆਦਾ ਹਨ। ਇਸ ਸਮੇਂ ਮੌਜੂਦ ਵੈਨ ਚਾਲਕਾਂ ਨੇ ਕਿਹਾ ਕਿ ਕਈ ਮਹੀਨੇ ਤੋਂ ਸਕੂਲ ਬੰਦ ਹੋਣ ਕਰਕੇ ਉਨ੍ਹਾਂ ਲਈ ਵੈਨਾਂ ਦੀਆਂ ਕਿਸ਼ਤਾਂ ਮੋੜਨੀਆਂ ਔਖੀਆਂ ਹੋ ਗਈਆਂ ਹਨ। ਜੇਕਰ ਫੌਰੀ ਸਕੂਲ ਨਾ ਖੋਲ੍ਹੇ ਤਾਂ ਉਹ ਬਰਬਾਦ ਹੋ ਜਾਣਗੇ।
ਬੁਲਾਰਿਆਂ ਨੇ ਕਿਹਾ ਕਿ ਹਰੇਕ ਸਿਆਸੀ ਧਿਰ ਦੇ ਆਗੂ ਵੋਟਾਂ ਮੰਗਣ ਆ ਰਹੇ ਹਨ ਪਰ ਸਿੱਖਿਆ ਤੇ ਬੰਦ ਪਏ ਸਕੂਲ ਇਨ੍ਹਾਂ ਦੇ ਏਜੰਡੇ ’ਤੇ ਨਹੀਂ ਹੈ। ਪੰਜਾਬ ਭਰ ’ਚ ਲੱਖਾਂ ਲੋਕਾਂ ਦਾ ਰੁਜ਼ਗਾਰ ਸਕੂਲਾਂ ਨਾਲ ਜੁੜਿਆ ਹੋਇਆ ਹੈ ਅਤੇ ਜੇਕਰ ਹਾਕਮ ਧਿਰ ਸਮੇਤ ਦੂਜੀਆਂ ਪਾਰਟੀਆਂ ਨੇ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਸਾਂਝੇ ਤੌਰ ’ਤੇ ਸੂਬਾ ਪੱਧਰੀ ਫ਼ੈਸਲੇ ਤਹਿਤ ਵੋਟਾਂ ’ਚ ਭੁਗਤੇਗੀ। ਰੋਸ ਪ੍ਰਦਰਸ਼ਨ ’ਚ ਐੱਮਐੱਲਡੀ ਸਕੂਲ ਤਲਵੰਡੀ ਕਲਾਂ ਤੋਂ ਜਸਵੀਰ ਸਿੰਘ, ਸਪਰਿੰਗ ਡਿਊ ਸਕੂਲ ਤੋਂ ਗੁਰਚਰਨ ਸਿੰਘ, ਨਿਊ ਪੰਜਾਬ ਸਕੂਲ ਤੋਂ ਅਮਨਦੀਪ ਸਿੰਘ, ਜੀਐੱਚਜੀ ਅਕੈਡਮੀ ਤੋਂ ਸਤਿੰਦਰ ਸਿੰਗ, ਯੂਨੀਰਾਈਜ਼ ਸਕੂਲ ਤੋਂ ਸਤਵਿੰਦਰ ਸਿੰਘ, ਵਿੱਦਿਆ ਇੰਟਰਨੈਸ਼ਨਲ ਤੋਂ ਜਗਦੇਵ ਸਿੰਘ ਤੇ ਹੋਰਨਾਂ ਸਕੂਲਾਂ ਵੱਲੋਂ ਨੁਮਾਇੰਦੇ ਸ਼ਾਮਲ ਹੋਏ।