ਚਰਨਜੀਤ ਸਿੰਘ ਢਿੱਲੋਂ
ਜਗਰਾਉਂ , 3 ਜੂਨ
ਇਥੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਪ੍ਰੈੱਸ ਦੇ ਨਾਂ ਜਾਰੀ ਪੱਤਰ ਰਾਹੀਂ ਆਖਿਆ ਕਿ ਪੰਜਾਬ ਦੇ ਲੋਕਾਂ ਨਾਲ ਵਾਅਦਾਖ਼ਿਲਾਫ਼ੀ ਕਰਨ, ਉਪਰੋਂ ਸਰਕਾਰੀ ਨੌਕਰੀਆਂ ਆਪਸੀ ਮਿਲੀਭੁਗਤ ਨਾਲ ਕਾਂਗਰਸੀ ਵਿਧਾਇਕਾਂ ਅਤੇ ਆਗੂਆਂ ਦੇ ਪੁੱਤਰਾਂ ਨੂੰ ਦੇ ਕੇ ਕੈਪਟਨ ਸਰਕਾਰ ਨੇ ਜਿੱਥੇ ਆਪਣੀ ਸੌੜੀ ਰਾਜਨੀਤੀ ਦਾ ਪ੍ਰਦਰਸ਼ਨ ਕੀਤਾ ਹੈ, ਉੱਥੇ ਪੰਜਾਬ ਦੀਆਂ ਉਨ੍ਹਾਂ ਨੌਕਰੀਆਂ ਲਈ ਯੋਗਤਾ ਰੱਖਣ ਵਾਲੇ ਨੌਜਵਾਨਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਆਖਿਆ ਕਿ ਕਾਂਗਰਸ ਪਾਰਟੀ ਨੇ ਸਿਫਾਰਸ਼ੀ ਤੁੱਛ ਕਾਬਲੀਅਤ ਵਾਲੇ ਲੋਕਾਂ ਨੂੰ ਉੱਚੇ ਰੁਤਬਿਆਂ ਤੇ ਬਿਠਾ ਕੇ ਨਵੀਂ ਪਿਰਤ ਪਾ ਦਿੱਤੀ ਹੈ। ਮੌਜੂਦਾ ਸਮੇਂ ’ਚ ਜਦੋਂ ਪੰਜਾਬ ਦੇ ਲੋਕਾਂ ਨੂੰ ਵੈਕਸੀਨ ,ਚੰਗੇ ਹਸਪਤਾਲਾਂ ਦੀ ਲੋੜ ਹੈ ਉਦੋਂ ਚੁੱਪ-ਚੁੱਪੀਤੇ ਆਪਣਿਆਂ ਨੂੰ ਨੌਕਰੀਆਂ ਵੰਡੀਆਂ ਜਾ ਰਹੀਆਂ ਹਨ। ਇਸਦੇ ਨਾਲ ਹੀ ਆਪਸੀ ਲੜਾਈ ਦਾ ਡਰਾਮਾਂ ਰਚਿਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਕਾਂਗਰਸ ਪਾਰਟੀ ਨੇ ਪੰਜਾਬ ਦੇ ਵੱਡਮੁੱਲੇ ਸਰਮਾਏ, ਨੌਜਵਾਨਾਂ ਦੇ ਭਵਿੱਖ ਨੂੰ ਲੁੱਟਣ ਉਜਾੜਨ ’ਚ ਕੋਈ ਕਸਰ ਨਹੀਂ ਛੱਡੀ। ਜੇਕਰ ਸਰਕਾਰ ਨੇ ਅਜਿਹੇ ਅੰਦਰੂਨੀ ਤੌਰ ’ਤੇ ਲਏ ਫੈਸਲੇ ਵਾਪਸ ਨਾ ਲਏ ਤਾਂ ਪੰਜਾਬ ਦੀ ਤਰੱਕੀ ਨੂੰ ਖੋਰਾ ਲੱਗ ਸਕਦਾ ਹੈ। ਅੰਤ ਵਿੱਚ ਉਨ੍ਹਾਂ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਰਾਜਨੀਤੀ ਦੀ ਲੜਾਈ ਲੜਨ ਦੀ ਥਾਂ ਪੰਜਾਬ ਦੇ ਲੋਕਾਂ ਲਈ ਬਣਦੇ ਫਰਜ਼ ਪੂਰੇ ਕਰਨ ਵੱਲ ਧਿਆਨ ਦੇਣ ਦੀ ਲੋੜ ਹੈ।