ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 5 ਅਗਸਤ
ਆਲ ਇੰਡੀਆ ਐਲਆਈਸੀ ਪੈਨਸ਼ਨਰਜ਼ ਐਸੋਸੀਏਸ਼ਨ ਦੇ ਸੱਦੇ ’ਤੇ ਅੱਜ ਐਲਆਈਸੀ ਪੈਨਸ਼ਨਰਾਂ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਦੁੱਗਰੀ ਸਥਿਤ ਡਿਵੀਜ਼ਨਲ ਦਫ਼ਤਰ ਅੱਗੇ ਧਰਨਾ ਦੇਕੇ ਰੋਸ ਮੁਜ਼ਾਹਰਾ ਕੀਤਾ।
ਇਸ ਮੌਕੇ ਜਥੇਬੰਦੀ ਦੇ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਜਲਦੀ ਤੋਂ ਜਲਦੀ ਲਾਗੂ ਕਰਕੇ ਪੈਨਸ਼ਨਰਾਂ ਨੂੰ ਇਨਸਾਫ਼ ਦਿੱਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਫੈਮਲੀ ਪੈਨਸ਼ਨ 15 ਫ਼ੀਸਦੀ ਤੋਂ ਵਧਾ ਕੇ 30 ਫ਼ੀਸਦੀ ਕੀਤੀ ਜਾਵੇ, ਫੈਮਲੀ ਪੈਨਸ਼ਨ ਵਿੱਚ ਸਹਿਮਤੀ ਵਾਲੇ ਸੁਧਾਰਾਂ ਦੀ ਤੁਰੰਤ ਨੋਟੀਫਿਕੇਸ਼ਨ ਜਾਰੀ ਕੀਤੀ ਜਾਵੇ, ਸੀਨੀਅਰ ਨਾਗਰਿਕਾਂ ਦਾ ਆਦਰ ਅਤੇ ਸਨਮਾਨ ਕੀਤਾ ਜਾਵੇ ਅਤੇ ਵਿਧਵਾਵਾਂ ਅਤੇ ਬਜ਼ੁਰਗ ਨਾਗਰਿਕਾਂ ਦੀਆਂ ਭਾਵਨਾਵਾਂ ਦਾ ਨਿਰਾਦਰ ਨਾ ਕਰਨ ਦੀ ਬੇਨਤੀ ਕੀਤੀ ਜਾਵੇ।
ਇਸ ਮੌਕੇ ਦਰਸ਼ਨ ਸਿੰਘ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਐੱਲਆਈਸੀ ਵੱਲੋਂ 15 ਫੀਸਦੀ ਦੀ ਦਰ ਨਾਲ ਫੈਮਲੀ ਪੈਨਸ਼ਨ ਦਿੱਤੀ ਜਾ ਰਹੀ ਹੈ ਜਦਕਿ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੇ ਸਾਰੇ ਵਿਭਾਗਾਂ ਵਿੱਚ ਇਹ 30 ਫ਼ੀਸਦੀ ਹੈ। ਉਨ੍ਹਾਂ ਕਿਹਾ ਕਿ ਐਲਆਈਸੀ ਮੈਨੇਜਮੈਂਟ ਵੱਲੋਂ ਐਲਆਈਸੀ ਪੈਨਸ਼ਨਰਾਂ ਦੀਆਂ ਇਨ੍ਹਾਂ ਮੰਗਾਂ ਨੂੰ ਮੰਨਣ ਤੋਂ ਬਾਅਦ ਇਸ ਦੀ ਮਨਜ਼ੂਰੀ ਲਈ ਵਿੱਤ ਮੰਤਰਾਲੇ ਨੂੰ ਭੇਜਿਆ ਗਿਆ ਹੈ ਪਰ ਮੌਜੂਦਾ ਸਰਕਾਰ ਪਿਛਲੇ ਦੋ ਸਾਲਾਂ ਤੋਂ ਇਸ ਵਿੱਚ ਦੇਰੀ ਕਰ ਰਹੀ ਹੈ। ਇਸ ਦੌਰਾਨ ਐਲਆਈਸੀ ਪੈਨਸ਼ਨਰਾਂ ਨੇ ਲੁਧਿਆਣਾ ਡਿਵੀਜ਼ਨ ਦੇ ਮਾਰਕੀਟਿੰਗ ਮੈਨੇਜਰ ਨੂੰ ਮੰਗ ਪੱਤਰ ਸੌਂਪਿਆ ਅਤੇ ਮੰਗ ਕੀਤੀ ਕਿ ਇਹ ਮੰਗ ਪੱਤਰ ਐਲਆਈਸੀ ਦੇ ਚੇਅਰਮੈਨ ਰਾਹੀਂ ਭਾਰਤ ਸਰਕਾਰ ਨੂੰ ਭੇਜਿਆ ਜਾਵੇ। ਇਸ ਮੌਕੇ ਨੋਰਥ ਜੋਨ ਇੰਸ਼ੋਰੈਂਸ ਐਂਪਲਾਈਜ਼ ਐਸੋਸੀਏਸ਼ਨ ਦੇ ਪ੍ਰਧਾਨ ਪੀਪੀ ਸਿੰਘ, ਅਸ਼ੋਕ ਮਦਾਨ ਅਤੇ ਐੱਸਐੱਮ ਭਾਟੀਆ ਹਾਜ਼ਰ ਸਨ।