ਖੇਤਰੀ ਪ੍ਰਤੀਨਿਧ
ਲੁਧਿਆਣਾ, 23 ਅਕਤੂਬਰ
ਨੌਜਵਾਨ ਸਭਾ ਐਲ ਬਲਾਕ, ਰਣਧੀਰ ਸਿੰਘ ਨਗਰ ਵੱਲੋਂ ਅੱਜ ਸਥਾਨਕ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ, ਸੁਨੇਤ ਵਿਖੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਵੱਖ ਵੱਖ ਧਾਰਾਵਾਂ ਹੇਠ ਜੇਲ੍ਹੀਂ ਡੱਕੇ ਲੋਕ ਪੱਖੀ ਬੁੱਧੀਜੀਵੀਆਂ, ਲੇਖਕਾਂ ਅਤੇ ਜਮਹੂਰੀ ਕਾਰਕੁਨਾਂ ਦੀ ਰਿਹਾਈ ਦੀ ਮੰਗ ਤਹਿਤ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਜਥੇਬੰਦੀ ਦੇ ਪ੍ਰਧਾਨ ਰਾਕੇਸ਼ ਆਜ਼ਾਦ ਅਤੇ ਮੀਤ ਪ੍ਰਧਾਨ ਐਡਵੋਕੇਟ ਹਰਪ੍ਰੀਤ ਜੀਰਖ ਨੇ ਕਿਹਾ ਕਿ ਦੇਸ਼ ਦੀ ਮੌਜੂਦਾ ਸਰਕਾਰ ਪੂਰੀ ਤਰ੍ਹਾਂ ਨਾਲ ਸਾਮਰਾਜੀ ਦਿਸ਼ਾ ਨਿਰਦੇਸ਼ਾਂ ਤਹਿਤ ਕੰਮ ਕਰ ਰਹੀ ਹੈ। ਦੇਸ਼ ਦੇ ਕੁਦਰਤੀ ਸੋਮੇ ਜਲ, ਜੰਗਲ, ਜ਼ਮੀਨ ਅਤੇ ਸਰਕਾਰੀ ਅਦਾਰੇ ਕੌਡੀਆਂ ਦੇ ਭਾਅ ਪੂੰਜੀਪਤੀ ਘਰਾਣਿਆਂ ਨੂੰ ਵੇਚ ਰੀ ਹੈ। ਸਰਕਾਰ ਦੀ ਇਸ ਲੁੱਟ ਖ਼ਿਲਾਫ਼ ਦੇਸ਼ ਦੇ ਬਹੁਤ ਸਾਰੇ ਬੁੱਧੀਜੀਵੀ, ਲੇਖਕ ਅਤੇ ਜਮਹੂਰੀ ਕਾਰਕੁਨ ਸਮੇਂ-ਸਮੇਂ ’ਤੇ ਆਵਾਜ਼ ਉਠਾਉਂਦੇ ਅਤੇ ਲਿਖਦੇ ਰਹੇ ਹਨ ਪਰ ਮੋਦੀ ਸਰਕਾਰ ਨੇ ਲੋਕਾਂ ਇਸ ਆਵਾਜ਼ ਨੂੰ ਦਬਾਉਣ ਦੀ ਨੀਅਤ ਨਾਲ ਆਪਣੀ ਸਰਕਾਰ ਦੇ ਅੱਠ ਸਾਲਾਂ ਵਿੱਚ ਜੀਐਨ ਸਾਈਂ ਬਾਬਾ, ਗੌਤਮ ਨਵਲੱਖਾ, ਆਨੰਦ ਤੇਲਤੁੰਬੜੇ ਵਰਗੇ ਬੁੱਧੀਜੀਵੀਆਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਕਈ ਸਾਲਾਂ ਤੋਂ ਨਜਾਇਜ਼ ਜੇਲ੍ਹਾਂ ਵਿੱਚ ਕੈਦ ਕੀਤਾ ਹੋਇਆ ਹੈ। ਮੋਦੀ ਸਰਕਾਰ ਅੱਜ ਜਿਸ ਤਾਨਾਸ਼ਾਹੀ ਤਰੀਕੇ ਨਾਲ ਕੰਮ ਕਰ ਰਹੀ ਹੈ, ਉਸ ਦਾ ਇੱਕੋ-ਇੱਕ ਹੱਲ ਲੋਕ ਘੋਲ ਹੀ ਹਨ। ਆਗੂਆਂ ਨੇ ਕਿਹਾ ਕਿ ਜਿਸ ਤਰ੍ਹਾਂ ਇਤਿਹਾਸਕ ਕਿਸਾਨ ਅੰਦੋਲਨ ਨੇ ਮੋਦੀ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਕੀਤਾ ਸੀ, ਉਸੇ ਤਰ੍ਹਾਂ ਅੱਜ ਦੇਸ਼ ਵਿੱਚ ਵੱਡੇ ਅੰਦੋਲਨ ਦੀ ਲੋੜ ਹੈ ਤਾਂ ਜੋ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ’ਤੇ ਰੋਕ ਲਾਈ ਜਾ ਸਕੇ ਅਤੇ ਲੋਕ ਆਗੂਆਂ ਨੂੰ ਰਿਹਾਅ ਕਰਵਾਇਆ ਜਾ ਸਕੇ। ਇਸ ਮੌਕੇ ਸਤਨਾਮ ਦੁੱਗਰੀ, ਕਰਤਾਰ ਸਿੰਘ, ਮਾਸਟਰ ਸੁਰਜੀਤ, ਪ੍ਰਤਾਪ ਸਿੰਘ, ਰਾਜੀਵ ਕੁਮਾਰ ਅਤੇ ਸ਼ਿਵਮ ਨੇ ਸੰਬੋਧਨ ਕੀਤਾ।
ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਕਈ ਮਤੇ ਪਾਸ
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੀ ਹੰਗਾਮੀ ਮੀਟਿੰਗ ਅੱਜ ਤਲਵੰਡੀ ਕਲਾਂ ਵਿਖੇ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ ਜਿਸ ‘ਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਬੰਦੀ ਸਿੰਘਾਂ ਸਮੇਤ ਹਜ਼ਾਰਾਂ ਸਿਆਸੀ ਕੈਦੀਆਂ ਦੀ ਰਿਹਾਈ ਦੀ ਮੰਗ ਕੀਤੀ ਗਈ। ਜਥੇਬੰਦੀ ਨੇ ਕਿਹਾ ਕਿ ਅਦਾਲਤਾਂ ਵੱਲੋਂ ਦਿੱਤੀ 14 ਤੋਂ 20 ਸਾਲ ਦੀ ਸਜ਼ਾ ਕੱਟਣ ਦੇ ਬਾਵਜੂਦ 30 ਤੋਂ 35 ਸਾਲ ਤੱਕ ਗੈਰਕਾਨੂੰਨੀ, ਗੈਰਵਿਧਾਨਕ, ਗ਼ੈਰਇਖ਼ਲਾਕੀ ਤੌਰ ‘ਤੇ ਜੇਲ੍ਹੀਂ ਡੱਕੇ ਬੰਦੀ ਸਿੰਘਾਂ ਸਮੇਤ ਕਸ਼ਮੀਰੀਆਂ, ਆਦਿਵਾਸੀ ਇਨਕਲਾਬੀਆਂ, ਦਲਿਤਾਂ, ਮੁਸਲਮਾਨਾਂ, ਵਿਦਿਆਰਥੀਆਂ, ਕਿਸਾਨਾਂ, ਬੁੱਧੀਜੀਵੀਆਂ, ਲੇਖਕਾਂ-ਪੱਤਰਕਾਰਾਂ ਤੇ ਉੱਤਰੀ ਪੂਰਬੀ ਕੌਮਾਂ ਦੇ ਹਜ਼ਾਰਾਂ ਜੁਝਾਰੂਆਂ ਨੂੰ ਕਥਿਤ ਝੂਠੇ, ਮਨਘੜ੍ਹਤ ਤੇ ਸਾਜ਼ਿਸ਼ੀ ਕੇਸ ਰੱਦ ਕਰਕੇ ਫੌਰੀ ਬਿਨਾਂ ਸ਼ਰਤ ਰਿਹਾਈ ਯਕੀਨੀ ਬਣਾਈ ਜਾਵੇ। ਸਕੱਤਰ ਮਾਸਟਰ ਜਸਦੇਵ ਸਿੰਘ ਲਲਤੋਂ, ਸਹਾਇਕ ਸਕੱਤਰ ਰਣਜੀਤ ਸਿੰਘ ਗੁੜੇ, ਮੀਤ ਪ੍ਰਧਾਨ ਨੰਬਰਦਾਰ ਬਲਜੀਤ ਸਿੰਘ ਸਵੱਦੀ, ਡਾ. ਗੁਰਮੀਤ ਸਿੰਘ ਕੁਲਾਰ ਨੇ ਆਈਜੀ ਲੁਧਿਆਣਾ ਪਾਸੋਂ ਮੰਗ ਕੀਤੀ ਕਿ ਮਰਹੂਮ ਕੁਲਵੰਤ ਕੌਰ ਰਸੂਲਪੁਰ ਕਤਲਕਾਂਡ ਵਿੱਚ ਨਾਮਜ਼ਦ ਡੀਐੱਸਪੀ ਗੁਰਿੰਦਰ ਬੱਲ ਸਮੇਤ ਚਾਰਾਂ ਮੁਲਜ਼ਮਾਂ ਨੂੰ ਫੌਰੀ ਗ੍ਰਿਫ਼ਤਾਰ ਕੀਤਾ ਜਾਵੇ। ਇਕ ਹੋਰ ਮਤੇ ਰਾਹੀਂ ਲਖੀਮਪੁਰ ਖੀਰੀ ਕਤਲ ਕਾਂਡ ਦੇ ਮੁੱਖ ਸਾਜ਼ਿਸ਼ਕਾਰ ਤੇ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੇਨੀ ਨੂੰ ਮੰਤਰੀ ਮੰਡਲ ‘ਚੋਂ ਬਰਖ਼ਾਸਤ ਕਰਕੇ ਤੁਰੰਤ ਸੀਖਾਂ ਪਿੱਛੇ ਡੱਕਣ ਦੀ ਮੰਗ ਕੀਤੀ ਗਈ। ਚੌਥੇ ਮਤੇ ਰਾਹੀਂ ਲਖੀਮਪੁਰ ਖੀਰੀ ਦੀ ਜੇਲ੍ਹ ਵਿੱਚ ਬੰਦ 8 ਕਿਸਾਨ ਯੋਧਿਆਂ ਨੂੰ ਜਲਦੀ ਰਿਹਾਅ ਕਰਨ ਦੀ ਮੰਗ ਰੱਖੀ ਗਈ। ਇਸ ਤੋਂ ਇਲਾਵਾ ਜਥੇਬੰਦੀ ਨੇ ਕਿਹਾ ਕਿ ਬਹਬਿਲ ਕਲਾਂ ਕਤਲ ਕਾਂਡ ਅਤੇ ਗੋਲੀ ਚਲਾਉਣ ਦਾ ਹੁਕਮ ਦੇਣ ਵਾਲੇ ਦੇਣ ਵਾਲੇ ਮੁੱਖ ਦੋਸ਼ੀ ਸਮੇਤ ਹੋਰਨਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਜਥੇਬੰਦੀ ਨੇ ਮੰਗਾਂ ਨਾ ਮੰਨੇ ਜਾਣ ’ਤੇ ਤਿੱਖਾ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ। ਮੀਟਿੰਗ ਵਿੱਚ ਸੁਰਜੀਤ ਸਿੰਘ ਸਵੱਦੀ, ਪ੍ਰਧਾਨ ਅਮਰੀਕ ਸਿੰਘ ਤਲਵੰਡੀ, ਜਥੇਦਾਰ ਗੁਰਮੇਲ ਸਿੰਘ ਢੱਟ, ਪ੍ਰਮਿੰਦਰ ਸਿੰਘ ਪੰਡੋਰੀ, ਸਰਵਿੰਦਰ ਸਿੰਘ ਸੁਧਾਰ, ਤੇਜਿੰਦਰ ਸਿੰਘ ਵਿਰਕ, ਜਸਵੰਤ ਸਿੰਘ ਮਾਨ, ਧਰਮ ਸਿੰਘ ਸੋਹੀਆਂ, ਮਲਕੀਤ ਸਿੰਘ ਬੱਦੋਵਾਲ, ਅਮਰ ਸਿੰਘ ਖੰਜਰਵਾਲ ਅਤੇ ਹਰਦਿਆਲ ਸਿੰਘ ਸ਼ੇਖੂਪੁਰਾ ਹਾਜ਼ਰ ਸਨ।