ਪੱਤਰ ਪ੍ਰੇਰਕ
ਦੋਰਾਹਾ, 7 ਫਰਵਰੀ
ਇੱਥੇ ਫਰੀਮੈਨਸ ਕੰਪਨੀ ਦੇ ਸੰਘਰਸ਼ਸ਼ੀਲ ਮਜ਼ਦੂਰਾਂ ਨੇ ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਦੀ ਅਗਵਾਈ ’ਚ ਪ੍ਰਬੰਧਕਾਂ ਖ਼ਿਲਾਫ਼ ਅਤੇ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਚੱਲ ਰਹੇ ਸੰਘਰਸ਼ ਦੀ ਹਮਾਇਤ ਲਈ ਪਿੰਡਾਂ ਵਿਚ ਝੰਡਾ ਮਾਰਚ ਕੀਤਾ। ਹਰਜਿੰਦਰ ਸਿੰਘ, ਗੁਰਜੰਟ ਸਿੰਘ ਅਤੇ ਨੇਤਰ ਸਿੰਘ ਨੇ ਕਿਹਾ ਕਿ ਪ੍ਰਬੰਧਕਾਂ ਵੱਲੋਂ ਕਿਰਤ ਕਾਨੂੰਨਾਂ ਮੁਤਾਬਿਕ ਤਨਖ਼ਾਹਾਂ ਤੇ ਸਹੂਲਤਾਂ ਦੇਣਾ ਤਾਂ ਦੂਰ ਦੀ ਗੱਲ, ਮੈਨੇਜਮੈਂਟ ਨੇ ਪੱਕੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਕੇ ਠੇਕਾ ਭਰਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਨਾਲ ਹੋਰਨਾਂ ਰੈਗੂਲਰ ਕਿਰਤੀਆਂ ਦੇ ਰੁਜ਼ਗਾਰ ਤੇ ਮਿਲਦੀਆਂ ਨਿਗੂਣੀਆਂ ਤਨਖ਼ਾਹਾਂ ਨੂੰ ਵੀ ਖ਼ਤਰਾ ਹੈ। ਉਨ੍ਹਾਂ ਪ੍ਰਬੰਧਕਾਂ ਤੇ ਦੋਸ਼ ਲਾਇਆ ਕਿ ਉਹ ਕਾਮਿਆਂ ਦੀ ਹੱਕੀਂ ਆਵਾਜ਼ ਅਤੇ ਸੰਘਰਸ਼ ਨੂੰ ਦਬਾਉਣ ਲਈ ਇਕ ਪਾਸੇ ਅਦਾਲਤੀ ਸਟੇਅ ਦੀ ਪਾਬੰਦੀਆਂ ਮੜ੍ਹ ਰਹੇ ਹਨ ਤੇ ਦੂਜੇ ਪਾਸੇ ਕਿਰਤ ਵਿਭਾਗ ਦੇ ਅਧਿਕਾਰੀਆਂ ਕੋਲ ਮੈਨੇਜਮੈਂਟ ਦੀ ਲੁੱਟ ਨੂੰ ਖ਼ਤਮ ਕਰਨ ਦੀ ਸ਼ਿਕਾਇਤ ਬਦਲੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਕਾਮਿਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਸੁਦਾਗਰ ਸਿੰਘ ਘੁਡਾਣੀ ਨੇ ਹਰ ਤਰ੍ਹਾਂ ਦੇ ਸਹਿਯੋਗ ਦਾ ਵਾਅਦਾ ਕੀਤਾ।