ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 29 ਜੁਲਾਈ
ਕੈਪਟਨ ਸਰਕਾਰ ਵੱਲੋਂ ਚੋਣਾਂ ਸਮੇਂ ਕੀਤੇ ਵਾਅਦੇ ਪੂਰੇ ਕਰਵਾਉਣ ਲਈ ਹਾਕਮ ਧਿਰ ਦੇ ਵਿਧਾਇਕਾਂ, ਚੇਅਰਮੈਨਾਂ ਅਤੇ ਹਲਕਾ ਇੰਚਾਰਜਾਂ ਨੂੰ ਪੰਜਾਬ ਸਰਕਾਰ ਦੇ ਨਾਂ ਮੰਗ-ਪੱਤਰ ਦੇਣ ਦੇ ਪ੍ਰੋਗਰਾਮ ਤਹਿਤ ਅੱਜ ਇਥੇ ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਨੇ ਰੈਲੀ ਕੀਤੀ। ਰੈਲੀ ਉਪਰੰਤ ਕਾਰਕੁਨ ਹਲਕਾ ਇੰਚਾਰਜ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਨੂੰ ਮੰਗ ਪੱਤਰ ਦੇਣ ਉਨ੍ਹਾਂ ਦੇ ਦਫ਼ਤਰ ਪਹੁੰਚੇ। ਦਾਖਾ ਦੇ ਨਾ ਮਿਲਣ ਤੇ ਹੋਰ ਕੋਈ ਵੀ ਨੁਮਾਇੰਦਾ ਹਾਜ਼ਰ ਨਾ ਹੋਣ ਤੋਂ ਭੜਕੇ ਮਜ਼ਦੂਰਾਂ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।
ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ, ਦਿਹਾਤੀ ਮਜ਼ਦੂਰ ਸਭਾ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਅਤੇ ਮਜ਼ਦੂਰ ਮੁਕਤੀ ਮੋਰਚਾ ਦੇ ਵਰਕਰ ਸ਼ਾਮਲ ਸਨ। ਅਵਤਾਰ ਸਿੰਘ ਰਸੂਲਪੁਰ ਨੇ ਦੱਸਿਆ ਕਿ ਉਨ੍ਹਾਂ ਦੀ ਬੀਤੇ ਦਿਨ ਮੰਗ ਪੱਤਰ ਸੌਂਪਣ ਸਬੰਧੀ ਦਾਖਾ ਨਾਲ ਫੋਨ ’ਤੇ ਗੱਲਬਾਤ ਕਰਕੇ ਸਮਾਂ ਲਿਆ ਗਿਆ ਸੀ ਪਰ ਉਨ੍ਹਾਂ ਦੇ ਨਾ ਪੁੱਜਣ ਕਾਰਨ ਮਜ਼ਦੂਰਾਂ ਨੇ ਕਮੇਟੀ ਪਾਰਕ ਤੋਂ ਕੋਠੇ ਖੰਜੂਰਾ ਪਾਈਪਾਸ ’ਤੇ ਸਥਿਤ ਹਲਕਾ ਇੰਚਾਰਜ ਦੇ ਦਫ਼ਤਰ ਤੱਕ ਨਾਅਰੇਬਾਜ਼ੀ ਕਰਦਿਆਂ ਰੋਸ ਮਾਰਚ ਕੀਤਾ। ਦਫ਼ਤਰ ਦੇ ਦਰਵਾਜ਼ੇ ਬੰਦ ਹੋਣ ਕਰਕੇ ਰੋਹ ’ਚ ਆਏ ਮਜ਼ਦੂਰਾਂ ਨੇ ਗੇਟ ’ਤੇ ਹੀ ਮੰਗ ਪੱਤਰ ਟੰਗ ਦਿੱਤਾ। ਰੈਲੀ ਨੂੰ ਸੰਬੋਧਨ ਕਰਦਿਆਂ ਬੀਬੀ ਰਣਜੀਤ ਕੌਰ, ਹੁਕਮ ਰਾਜ ਦੇਹੜਕਾ, ਸੁਖਦੇਵ ਸਿੰਘ ਮਾਣੂੰਕੇ, ਮਦਨ ਸਿੰਘ ਅਤੇ ਹਰਬੰਸ ਸਿੰਘ ਲੋਹਟਬੱਦੀ ਨੇ ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ’ਤੇ ਲੀਕ ਮਾਰਨ, ਮਜ਼ਦੂਰਾਂ ਨੂੰ 10-10 ਮਰਲੇ ਦੇ ਪਲਾਟ ਅਲਾਟ ਕਰਕੇ ਮਕਾਨ ਪਾਉਣ ਲਈ ਪੰਜ ਲੱਖ ਦੀ ਗ੍ਰਾਂਟ ਦੇਣ ਦੀ ਮੰਗ ਕੀਤੀ। ਮਨਰੇਗਾ ਦੀ ਦਿਹਾੜੀ 600 ਰੁਪਏ ਕਰਕੇ ਪੂਰੇ ਸਾਲ ਲਈ ਕੰਮ ਦੇਣ, ਬੁਢਾਪਾ ਵਿਧਵਾ ਪੈਨਸ਼ਨ 5000 ਰੁਪਏ ਪ੍ਰਤੀ ਮਹੀਨਾ ਕਰਕੇ ਨਿਯਮਤ ਰੂਪ ’ਚ ਦੇਣ, ਸਿੱਖਿਆ ਤੇ ਸਿਹਤ ਸਹੂਲਤਾਂ ਅਤੇ ਪੀਣ ਵਾਲੇ ਸਾਫ਼ ਪਾਣੀ ਦਾ ਮੁਫ਼ਤ ਪ੍ਰਬੰਧ ਕਰਨ ਦੀ ਵੀ ਮੰਗ ਕੀਤੀ ਗਈ। ਇਸ ਮੌਕੇ ਭਰਾਤਰੀ ਜਥੇਬੰਦੀ ਬਾਰਦਾਨਾ ਸਿਲਾਈ ਯੂਨੀਅਨ ਦੇ ਪ੍ਰਧਾਨ ਹੀਰਾ ਲਾਲ, ਕਿਰਤੀ ਕਿਸਾਨ ਯੂਨੀਅਨ ਦੇ ਤਰਲੋਚਨ ਸਿੰਘ ਝੋਰੜਾਂ, ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ, ਟਰੇਡ ਯੂਨੀਅਨ ਦੇ ਆਗੂ ਬਲਦੇਵ ਸਿੰਘ ਕੋਹਲੀ, ਮਾਸਟਰ ਗੁਰਮੇਲ ਸਿੰਘ, ਮਨੋਹਰ ਸਿੰਘ ਝੋਰੜਾਂ ਨੇ ਮਜ਼ਦੂਰ ਸੰਘਰਸ਼ ਦੀ ਹਮਾਇਤ ਕੀਤੀ।