ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 13 ਨਵੰਬਰ
ਸਟੀਲ ਸਣੇ ਕੱਚੇ ਮਾਲ ਦੀਆਂ ਕੀਮਤਾਂ ’ਚ ਵਾਧੇ ਖਿਲਾਫ਼ ਰੇਗੂਲੇਟਰੀ ਕਮੇਟੀ ਬਣਾਉਣ ਦੀ ਮੰਗ ਸਬੰਧੀ ਸਨਅਤਕਾਰਾਂ ਨੇ ਸ਼ਨਿੱਚਰਵਾਰ ਨੂੰ ਗਿੱਲ ਰੋਡ ਸਥਿਤ ਯੂਸੀਪੀਐਮਏ ਦਫ਼ਤਰ ਦੇ ਬਾਹਰ ਮਨੁੱਖੀ ਕੜੀ ਬਣਾ ਕੇ ਇੱਕਜੁਟਤਾ ਦਾ ਸੁਨੇਹਾ ਦਿੱਤਾ। ਸਨਅਤਕਾਰਾਂ ਵੱਲੋਂ ਬੀਤੇ 13 ਦਿਨਾਂ ਤੋਂ ਵੱਖ-ਵੱਖ ਤਰ੍ਹਾਂ ਰੋਸ ਜਤਾਇਆ ਜਾ ਰਿਹਾ ਹੈ। ਅੱਜ ਕਾਰਖਾਨਿਆਂ ਦੇ ਮੁਲਾਜ਼ਮਾਂ ਤੇ ਰਾਹਗੀਰਾਂ ਨੇ ਵੀ ਮਹਿੰਗਾਈ ਖਿਲਾਫ਼ ਸਨਅਤਕਾਰਾਂ ਦੇ ਪ੍ਰਦਰਸ਼ਨ ਨੂੰ ਸਮਰਥਨ ਦਿੰਦਿਆਂ ਮਨੁੱਖੀ ਕੜੀ ’ਚ ਹਿੱਸਾ ਲਿਆ। ਕੰਮਕਾਜ ਦਾ ਦਿਨ ਹੋਣ ਕਾਰਨ ਬੇਸ਼ੱਕ ਮਨੁੱਖੀ ਕੜੀ ਬਣਾਉਣ ’ਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਹਰ ਵਰਗ ਨੇ ਉਨ੍ਹਾਂ ਦਾ ਸਹਿਯੋਗ ਕੀਤਾ। ਇਸ ਦੌਰਾਨ ਯੂਸੀਪੀਐਮਏ ਸਮੇਤ ਵੱਖ-ਵੱਖ ਸਨਅਤਕਾਰ ਜਥੇਬੰਦੀਆਂ ਦੇ ਮੈਂਬਰ ਸ਼ਾਮਲ ਹੋਏ। ਜਨਰਲ ਸਕੱਤਰ ਮਨਜਿੰਦਰ ਸਿੰਘ ਸੱਚਦੇਵਾ ਨੇ ਕਿਹਾ ਕਿ ਸਟੀਲ ਦੇ ਭਾਅ ਦੇ ਨਾਲ ਨਾਲ ਕਈ ਤਰ੍ਹਾਂ ਦੇ ਕੱਚੇ ਮਾਲ ਦੀਆਂ ਕੀਮਤਾਂ ’ਚ ਵੀ ਵਾਧਾ ਹੋ ਰਿਹਾ ਹੈ, ਜਿਸ ਕਾਰਨ ਉਨ੍ਹਾਂ ਵਿੱਚ ਰੋਸ ਹੈ। ਇਸ ਮੌਕੇ ਮਨਜਿੰਦਰ ਸਿੰਘ ਸੱਚਦੇਵਾ, ਗੁਰਮੀਤ ਸਿੰਘ ਕੁਲਾਰ, ਗੁਰਚਰਨ ਸਿੰਘ ਜੈਮਕੋ, ਅਵਤਾਰ ਸਿੰਘ ਭੋਗਲ, ਕਮਲਿੰਦਰ ਸਿੰਘ ਸਿੰਗਲਾ, ਊਧਮਜੀਤ ਸਿੰਘ, ਸੌਰਭ ਗੋਇਲ, ਬਲਵਿੰਦਰ ਮੱਕੂ, ਸਤਨਾਮ ਸਿੰਘ ਮੱਕੜ, ਬਲਾਤੀ ਰਾਮ, ਰਘਬੀਰ ਸਿੰਘ ਸੋਹਲ, ਕੁਲਦੀਪ ਸਿੰਘ, ਰਾਜਿੰਦਰ ਸਿੰਘ ਸਰਹਾਲੀ, ਕੁਲਵਿੰਦਰ ਸਿੰਘ ਬੈਨੀਪਾਲ, ਰਾਜੇਸ਼ ਮੌਂਗੀਆ, ਵਰੁਣ ਕਪੂਰ, ਗੁਰਮੀਤ ਸਿੰਘ ਮੇਸਨ ਤੇ ਹੋਰ ਹਾਜ਼ਰ ਸਨ।