ਗਗਨਦੀਪ ਅਰੋੜਾ
ਲੁਧਿਆਣਾ, 24 ਅਗਸਤ
ਭਾਰਤ ਨਗਰ ਚੌਕ ਤੋਂ ਬੱਸ ਅੱਡੇ ਨੂੰ ਜਾਣ ਵਾਲੀ ਸੜਕ ’ਤੇ ਬਣ ਰਹੇ ਫਲਾਈਓਵਰ ਦਾ ਕੰਮ ਹੁਣ ਇੱਥੋਂ ਦੇ ਫਰਨੀਚਰ ਬਾਜ਼ਾਰ ਦੇ ਲੋਕਾਂ ਲਈ ਮੁਸੀਬਤ ਬਣਦਾ ਜਾ ਰਿਹਾ ਹੈ। ਇਸ ਸਬੰਧੀ ਦੁਕਾਨਦਾਰਾਂ ਨੇ ਅੱਜ ਸੜਕਾਂ ’ਤੇ ਉਤਰ ਕੇ ਪ੍ਰਸ਼ਾਸਨ ਖ਼ਿਲਾਫ਼ ਧਰਨਾ ਲਾਇਆ। ਦੁਕਾਨਦਾਰਾਂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਉਨ੍ਹਾਂ ਦਾ ਕਰੋੜਾਂ ਰੁਪਏ ਦਾ ਕਾਰੋਬਾਰ ਤਬਾਹ ਹੋ ਰਿਹਾ ਹੈ।
ਦੁਕਾਨਦਾਰਾਂ ਨੇ ਦੋਸ਼ ਲਾਇਆ ਕਿ ਪਹਿਲਾਂ ਪ੍ਰਸ਼ਾਸਨ ਨੇ ਕਿਹਾ ਸੀ ਕਿ ਫਲਾਈਓਵਰ ਦੇ ਥੱਲੇ ਖਾਲੀ ਥਾਂ ਰਹੇਗੀ ਪਰ ਹੁਣ ਕਿਹਾ ਜਾ ਰਿਹਾ ਹੈ ਕਿ ਇੱਥੇ 300 ਫੁੱਟ ਦੀ ਦੀਵਾਰ ਬਣਾਈ ਜਾ ਰਹੀ ਹੈ, ਜਿਸ ਕਰਕੇ ਬਾਜ਼ਾਰ ਬਿਲਕੁਲ ਬਰਬਾਦ ਹੋ ਜਾਵੇਗਾ। ਦਿ ਭਾਰਤ ਨਗਰ ਫਰਨੀਚਰ ਐਂਡ ਟਰੇਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਪਾਲ ਖੁਰਾਨਾ ਤੇ ਰਾਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਭਾਰਤ ਨਗਰ ਚੌਕ ਤੋਂ ਬੱਸ ਅੱਡੇ ਵਾਲੇ ਰੋਡ ’ਤੇ ਫਲਾਈਓਵਰ ਬਣ ਰਿਹਾ ਹੈ, ਜਿਸ ਦਾ ਪਹਿਲਾਂ ਡਾਇਜ਼ਨ ਦੱਸਿਆ ਗਿਆ ਸੀ ਕਿ ਇਹ ਫਲਾਈਓਵਰ ਸਿਰਫ਼ ਪਿੱਲਰਾਂ ਦੇ ਸਹਾਰੇ ਹੋਵੇਗਾ ਪਰ ਹੁਣ ਕਿਹਾ ਜਾ ਰਿਹਾ ਹੈ ਕਿ ਫਲਾਈਓਵਰ ਦੇ ਥੱਲੇ ਦੋਵੇਂ ਪਾਸੇ ਕੰਧ ਕੀਤੀ ਜਾਵੇਗੀ, ਜੋ ਕਿ 300 ਫੁੱਟ ਲੰਬੀ ਹੋਵੇਗੀ।
ਉਨ੍ਹਾਂ ਕਿਹਾ ਕਿ ਕੰਧ ਦੀ ਉਸਾਰੀ ਕਾਰਨ ਫਰਨੀਚਰ ਬਾਜ਼ਾਰ ਦੀ ਦਿੱਖ ਖਤਮ ਹੋ ਜਾਵੇਗੀ ਅਤੇ ਦੁਕਾਨਾਂ ਫਲਾਈਓਵਰ ਦੇ ਘੇਰੇ ਵਿੱਚ ਆਉਣ ਕਾਰਨ ਦੁਕਾਨਦਾਰਾਂ ਦਾ ਕੰਮ ਬਿਲਕੁਲ ਬੰਦ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਫਰਨੀਚਰ ਬਾਜ਼ਾਰ ਪੂਰੇ ਸੂਬੇ ਵਿੱਚ ਮਸ਼ਹੂਰ ਹੈ, ਜਿੱਥੋਂ ਕਈ ਜ਼ਿਲ੍ਹਿਆਂ ਵਿੱਚ ਮਾਲ ਜਾਂਦਾ ਹੈ। ਸੜਕ ਦੇ ਦੋਵੇਂ ਪਾਸੇ ਕਰੀਬ 100 ਦੁਕਾਨਾਂ ਹਨ, ਜਿਨ੍ਹਾਂ ਆਸਰੇ ਸੈਂਕੜੇ ਲੋਕਾਂ ਦਾ ਗੁਜ਼ਾਰਾ ਚੱਲਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਅਫ਼ਸਰਾਂ ਨੂੰ ਆਪਣਾ ਇਤਰਾਜ਼ ਦੇ ਦਿੱਤਾ ਹੈ, ਜੇਕਰ ਫਿਰ ਵੀ ਪ੍ਰਸ਼ਾਸਨ ਉਨ੍ਹਾਂ ਦੀ ਗੱਲ ਨਹੀਂ ਸੁਣੇਗਾ ਤਾਂ ਦੁਕਾਨਦਾਰਾਂ ਵੱਲੋਂ ਸੰਘਰਸ਼ ਤੇਜ਼ ਕੀਤਾ ਜਾਵੇਗਾ।