ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 11 ਫਰਵਰੀ
ਹਿੰਦੂ ਮੁੱਖ ਮੰਤਰੀ ਦੀ ਮੰਗ ਨੂੰ ਲੈ ਕੇ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਸ਼ਿਵ ਸੈਨਾ ਪੰਜਾਬ ਦੇ ਆਗੂਆਂ ਨੇ ਸ਼ੁੱਕਰਵਾਰ ਨੂੰ ਵੱਖਰੇ ਢੰਗ ਨਾਲ ਪ੍ਰਦਰਸ਼ਨ ਕੀਤਾ। ਇਸ ਦੌਰਾਨ ਸ਼ਿਵ ਸੈਨਾ ਆਗੂਆਂ ਨੇ ਖੁਦ ਨੂੰ ਸੰਗਲਾਂ ਨਾਲ ਬੰਨ੍ਹ ਕੇ ਬੰਦੀ ਬਣਾਇਆ ਤੇ ਚੌੜਾ ਬਾਜ਼ਾਰ ’ਚ ਰੋਸ ਪ੍ਰਦਰਸ਼ਨ ਕੀਤਾ। ਸ਼ਿਵ ਸੈਨਾ ਵਾਲਿਆਂ ਡਾ. ਕਾਲੀ ਚਰਨ ਚੌਕ ਤੋਂ ਲੈ ਕੇ ਘੰਟਾ ਘਰ ਤੱਕ ਰੋਸ ਮਾਰਚ ਕੱਢਿਆ ਗਿਆ ਤੇ ਕਿਹਾ ਕਿ ਅੱਗੇ ਵੀ ਰੋਸ ਪ੍ਰਦਰਸ਼ਨ ਜਾਰੀ ਰਹੇਗਾ। ਸ਼ਿਵ ਸੈਨਾ ਆਗੂਆਂ ਨੇ ਸਿਆਸੀ ਪਾਰਟੀਆਂ ਖਾਸ ਕਰਕੇ ਸੱਤਾਧਾਰੀ ਧਿਰ ਖ਼ਿਲਾਫ਼ ਆਪਣਾ ਰੋਸ ਜ਼ਾਹਿਰ ਕੀਤਾ। ਹਿੰਦੂ ਸੰਯੁਕਤ ਮੋਰਚੇ ਦੇ ਆਗੂਆਂ ਨੇ ਅੱਜ ਪੰਜਾਬ ’ਚ ਹਿੰਦੂ ਸਮਾਜ ਦੇ ਨਾਲ ਹੋ ਰਹੇ ਚੌਥੇ ਦਰਜੇ ਦੇ ਵਤੀਰੇ ਦੇ ਖ਼ਿਲਾਫ਼ ਵੀ ਸੱਤਾਧਾਰੀ ਧਿਰ ਤੇ ਵਿਰੋਧੀ ਧਿਰਾਂ ਨੂੰ ਕਟਿਹਰੇ ’ਚ ਖੜ੍ਹਾ ਕੀਤਾ।
ਹਿੰਦੂ ਸੰਯੁਕਤ ਮੋਰਚਾ ਦੇ ਰਾਜੀਵ ਟੰਡਨ ਨੇ ਕਿਹਾ ਕਿ ਪੰਜਾਬ ’ਚ ਜੋ ਵਤੀਰਾ ਸਿਆਸੀ ਦਲ ਇਸ ਸਮੇਂ ਹਿੰਦੂਆਂ ਨਾਲ ਕਰ ਰਹੇ ਹਨ ਉਹ ਬਰਦਾਸ਼ਯੋਗ ਨਹੀਂ ਹੈ। ਇਸ ਮੌਕੇ ਸੰਦੀਪ ਥਾਪਰ ਨੇ ਕਿਹਾ ਕਿ ਪੰਜਾਬ ਦਾ ਹਿੰਦੂ ਸੂਟ ਬੂਟ ’ਚ ਦਿਖ ਜ਼ਰੂਰ ਰਿਹਾ ਹੈ, ਪਰ ਅੰਦਰੋਂ ਉਹ ਸਮਾਜਿਕ ਤੇ ਧਾਰਮਿਕ ਰੂਪ ’ਚ ਖੋਖਲਾ ਹੋ ਚੁੱਕਿਆ ਹੈ।