ਸਤਵਿੰਦਰ ਬਸਰਾ
ਲੁਧਿਆਣਾ, 29 ਨਵੰਬਰ
ਪੀਏਯੂ ਦੇ ਡੀਪੀਐੱਲ ਚੌਕੀਦਾਰ ਐਸੋਸੀਏਸ਼ਨ ਵੱਲੋਂ ਪੱਕੇ ਕਰਨ ਅਤੇ ਤਨਖਾਹਾਂ ਵਧਾਉਣ ਦੀ ਮੰਗ ਨੂੰ ਲੈ ਕੇ ਅੱਜ ’ਵਰਸਿਟੀ ਦੇ ਥਾਪਰ ਹਾਲ ਦੇ ਬਾਹਰ ਰੋਸ ਧਰਨਾ ਲਾਇਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਮਹਿੰਗਾਈ ਵਿੱਚ ਨਾ-ਮਾਤਰ ਮਿਹਨਤਾਨੇ ਨਾਲ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ। ਸਰਕਾਰ ਵੱਲੋਂ ਮੁਲਾਜ਼ਮ ਪੱਕੇ ਕਰਨ ਦੇ ਦਾਅਵੇ ਤਾਂ ਕੀਤੇ ਜਾ ਰਹੇ ਹਨ ਪਰ ਅਸਲੀਅਤ ਬਿਲਕੁਲ ਉਲਟੀ ਹੈ। ਪੀਏਯੂ ਅਤੇ ਕੇਵੀਕੇ ਵਿੱਚ ਪਿਛਲੇ ਕਈ ਸਾਲਾਂ ਤੋਂ ਡੀਪੀਐੱਲ ਚੌਕੀਦਾਰ ਅਤੇ ਹੋਰ ਵਿਭਾਗਾਂ ਵਿੱਚ ਦਿਹਾੜੀਦਾਰ ਵਜੋਂ ਸੇਵਾਵਾਂ ਦਿੰਦੇ ਮੁਲਾਜ਼ਮਾਂ ਨੇ ਅੱਜ ’ਵਰਸਿਟੀ ਵਿੱਚ ਪੱਕੇ ਕਰਨ ਅਤੇ ਤਨਖਾਹਾਂ ਵਧਾਉਣ ਦੀ ਮੰਗ ਨੂੰ ਲੈ ਕੇ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਰੋਸ ਧਰਨਾ ਲਾਇਆ। ਇਸ ਮੌਕੇ ਚਮਕੌਰ ਸਿੰਘ ਅਤੇ ਰਾਜ ਕੁਮਾਰ ਨੇ ਕਿਹਾ ਕਿ ਉਹ ਆਪਣੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਨੂੰ ਉਨ੍ਹਾਂ ਦੀ ਲੁਧਿਆਣਾ ਫੇਰੀ ਵੇਲੇ, ਕੈਬਨਿਟ ਮੰਤਰੀ ਸ੍ਰੀ ਆਸ਼ੂ ਅਤੇ ’ਵਰਸਿਟੀ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਚੁੱਕੇ ਹਨ ਪਰ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਉਨਾਂ ਕਿਹਾ ਕਿ ਮਹਿੰਗਾਈ ਦੇ ਦੌਰ ਵਿੱਚ 7-8 ਹਜ਼ਾਰ ਰੁਪਏ ਦੀ ਤਨਖਾਹ ਨਾਲ ਘਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੋ ਗਿਆ। ’ਵਰਸਿਟੀ ਵਿੱਚ ਹੀ ਕਈ ਅਜਿਹੇ ਮੁਲਾਜ਼ਮ ਹਨ ਜਿਹੜੇ ਪਿਛਲੇ 30-40 ਸਾਲ ਤੋਂ ਦਿਹਾੜੀਦਾਰ ਵਜੋਂ ਸੇਵਾਵਾਂ ਦਿੰਦੇ ਆ ਰਹੇ ਹਨ। ਹੁਣ ਤਾਂ ਕਈ 60 ਸਾਲ ਦੀ ਉਮਰ ਨੂੰ ਵੀ ਪਾਰ ਕਰਨ ਤੱਕ ਢੁਕ ਗਏ ਹਨ। ਦਿਹਾੜੀਦਾਰ ਮੁਲਾਜ਼ਮ ਆਗੂਆਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਜਾਂ ਤਾਂ ਪੱਕੇ ਕੀਤਾ ਜਾਵੇ ਅਤੇ ਜਾਂ ਤਨਖਾਹ 18 ਤੋਂ 19 ਹਜ਼ਾਰ ਰੁਪਏ ਮਹੀਨਾ ਕੀਤੀ ਜਾਵੇ। ਜੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ।