ਸਤਵਿੰਦਰ ਬਸਰਾ
ਲੁਧਿਆਣਾ, 14 ਅਗਸਤ
ਚੰਗੇ ਵਾਤਾਵਰਨ ਲਈ ਪ੍ਰਦੂਸ਼ਣ ਤੋਂ ਆਜ਼ਾਦੀ ਦਾ ਹੋਕਾ ਦਿੰਦਿਆਂ ਅੱਜ ਲੁਧਿਆਣਾ ਦੇ ਲੋਕਾਂ ਅਤੇ ਸਮਾਜ ਸੇਵੀ ਜਥੇਬੰਦੀਆਂ ਨੇ ਧਨਾਨਸੂ ਵਿੱਚ ਸ਼ਾਤਮਈ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਸਤਲੁਜ ਅਤੇ ਮੱਤੇਵਾੜਾ ਪਬਲਿਕ ਐਕਸ਼ਨ ਕਮੇਟੀ ਵੱਲੋਂ ਕੀਤੀ ਗਈ। ਇਸ ਮੌਕੇ ਪ੍ਰਬੰਧਕ ਕਰਨਲ ਸੀਐੱਮ ਲਖਨਪਾਲ ਨੇ ਕਿਹਾ ਕਿ ਸਤਿਲੁਜ ਸੂਬੇ ਦਾ ਅਹਿਮ ਦਰਿਆ ਹੈ, ਜਿਸ ਦੇ ਪਾਣੀ ਨੂੰ ਕਈ ਸ਼ਹਿਰਾਂ ਅਤੇ ਸੂਬਿਆਂ ਵਿੱਚ ਪੀਣ ਲਈ ਵਰਤਿਆ ਜਾਂਦਾ ਹੈ। ਹੁਣ ਸੂਬੇ ਦੇ ਲੋਕ ਨਹੀਂ ਚਾਹੁੰਦੇ ਕਿ ਇਸ ਦਾ ਪਾਣੀ ਵੀ ਬੁੱਢੇ ਨਾਲੇ ਦੀ ਤਰ੍ਹਾਂ ਪ੍ਰਦੂਸ਼ਿਤ ਹੋਵੇ। ਉਨ੍ਹਾਂ ਕਿਹਾ ਕਿ ਬੁੱਢੇ ਨਾਲੇ ਦੇ ਆਲੇ ਦੁਆਲੇ ਕਈ ਅਜਿਹੀਆਂ ਯੂਨਿਟਾਂ ਲੱਗੀਆਂ ਹੋਈਆਂ ਹਨ ਜਿਨ੍ਹਾਂ ਦਾ ਪ੍ਰਦੂਸ਼ਿਤ ਪਾਣੀ ਬੁੱਢੇ ਨਾਲੇ ਵਿੱਚ ਡਿਗਦਾ ਹੈ। ਇਸ ਕਰਕੇ ਇਸ ਦੇ ਨਾਲ ਲੱਗਦੀਆਂ ਕਈ ਬਸਤੀਆਂ ਵਿੱਚ ਲੋਕ ਕਈ ਬਿਮਾਰੀਆਂ ਨਾਲ ਜੂਝ ਰਹੇ ਹਨ। ਉਨ੍ਹਾਂ ਨੇ ਈਕੋ ਫਰੈਂਡਲੀ ਇੰਡਸਟਰੀ ਲਗਾਉਣ ਦੀ ਹਮਾਇਤ ਕੀਤੀ, ਜਿਸ ਨਾਲ ਹਵਾ, ਪਾਣੀ ਅਤੇ ਮਨੁੱਖੀ ਸਿਹਤ ਨੂੰ ਕੋਈ ਨੁਕਸਾਨ ਨਾ ਹੋਵੇ। ਕੁਲਦੀਪ ਸਿੰਘ ਖਹਿਰਾ ਜਸਕੀਰਤ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਹੁਣ ਮੱਤੇਵਾੜਾ ਵਿੱਚ ਵੀ ਇੰਡਸਟਰੀ ਪਾਰਕ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦੇ ਬਣਨ ਨਾਲ ਮੱਤੇਵਾੜਾ ਦੇ ਜੰਗਲ ਹੌਲੀ ਹੌਲੀ ਖਤਮ ਹੋ ਜਾਣਗੇ ਅਤੇ ਸਤਲੁਜ ਦਾ ਪਾਣੀ ਵੀ ਬੁੱਢੇ ਨਾਲੇ ਦੀ ਤਰ੍ਹਾਂ ਪ੍ਰਦੂਸ਼ਿਤ ਹੋਣ ਲੱਗ ਜਾਵੇਗਾ। ਰਣਜੋਧ ਸਿੰਘ ਨੇ ਕਿਹਾ ਕਿ ‘ਪ੍ਰਦੂਸ਼ਣ ਤੋਂ ਆਜ਼ਾਦੀ’ ਮੁਹਿੰਮ ਤਹਿਤ ਅੱਜ ਪਹਿਲਾਂ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੱਤੇਵਾੜਾ ਦੇ ਜੰਗਲਾਂ ਨੂੰ ਬਚਾਉਣ ਲਈ ਲੋਕਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਪਰ ਅਫਸੋਸ ਸਰਕਾਰ ਦਾ ਅੜੀਅਲ ਰਵੱਈਆ ਜਿਉਂ ਦਾ ਤਿਉਂ ਬਣਿਆ ਹੋਇਆ ਹੈ। ਇਸ ਮੌਕੇ ਗੌਰਵਦੀਪ ਸਿੰਘ ਵੀ ਆਪਣੀ ਪੂਰੀ ਟੀਮ ਨਾਲ ਹਾਜ਼ਰ ਹੋਏ। ਵਾਤਾਵਰਨ ਨੂੰ ਬਚਾਉਣ ਲਈ ਕੀਤੇ ਰੋਸ ਪ੍ਰਦਰਸ਼ਨ ਵਿੱਚ ਉਕਤ ਤੋਂ ਇਲਾਵਾ ਪੰਜਾਬੀ ਭਾਸ਼ਾ ਪ੍ਰਸਾਰ ਭਾਈਚਾਰਾ, ਯੂਨਾਈਟਿਡ ਸਿੱਖ, ਸੰਘਰਸ਼, ਨਰੋਆ ਪੰਜਾਬ ਮੰਚ, ਵਿਜੀਲੈਂਟ ਸਿਟੀਜ਼ਨ ਆਦਿ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦੇ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ।