ਸਤਵਿੰਦਰ ਬਸਰਾ
ਲੁਧਿਆਣਾ, 25 ਜੁਲਾਈ
ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੀ ਜ਼ਿਲ੍ਹਾ ਇਕਾਈ ਵੱਲੋਂ ਜ਼ਿਲ੍ਹਾ ਪ੍ਰਸ਼ਾਸਕੀ ਦਫ਼ਤਰ ਅੱਗੇ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਕੱਚੇ, ਆਊਟਸੋਰਸ ਅਧਿਆਪਕ ਪੱਕੇ ਕਰਨ ਤੇ ਸੁਸਾਇਟੀਆਂ ਅਧੀਨ ਕੰਪਿਊਟਰ ਅਧਿਆਪਕਾਂ ਨੂੰ ਸਮੇਤ ਸਿੱਖਿਆ ਵਿਭਾਗ ਵਿੱਚ ਬਿਨਾਂ ਸ਼ਰਤ ਤੋਂ ਰੈਗੂਲਰ ਕਰਨ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀਆਂ ਤਿੰਨ ਮੁੱਖ ਮੰਗਾਂ ਨੂੰ ਮਨਵਾਉਣ ਤੱਕ ਨਿਰੰਤਰ ਸੰਘਰਸ਼ ਵਿੱਚ ਕੁੱਦਣ ਦਾ ਐਲਾਨ ਕੀਤਾ। ਉਨ੍ਹਾਂ ਵੱਲੋਂ ਅਧਿਆਪਕਾਂ ਅਤੇ ਮੁਲਾਜ਼ਮਾਂ ਦੇ ਛੇਵੇਂ ਪੇ ਕਮਿਸ਼ਨ ਰਾਹੀਂ ਖੋਹੇ ਗਏ ਪੇਂਡੂ ਅਤੇ ਬਾਰਡਰ ਏਰੀਆ ਭੱਤਾ ਸਮੇਤ 27 ਭੱਤਿਆਂ, ਏਸੀਪੀ. ਲਾਭ ਜਿਹੇ ਅਨੇਕਾਂ ਵਿੱਤੀ ਹੱਕਾਂ ਨੂੰ ਇਸਦੀ ਰਿਪੋਰਟ ਵਿੱਚ ਸੋਧਾਂ ਰਾਹੀਂ ਬਹਾਲ ਕਰਨ ਅਤੇ ਜਨਤਕ ਸਕੂਲ ਸਿੱਖਿਆ ਦੀ ਸਮੁੱਚੀ ਢਾਂਚਾਗਤ ਮਜ਼ਬੂਤੀ ਲਈ ਆਵਾਜ਼ ਬੁਲੰਦ ਕੀਤੀ ਗਈ। ਜਥੇਬੰਦੀ ਦੇ ਜ਼ਿਲ੍ਹਾ ਸਕੱਤਰ ਦਲਜੀਤ ਸਮਰਾਲਾ ਨੇ ਕਿਹਾ ਕਿ ਦਰਅਸਲ ਕੇਂਦਰ ਸਰਕਾਰ ਦੀ ਨਵੀਂ ਸਿੱਖਿਆ ਨੀਤੀ 2020 ਤਹਿਤ ਪੰਜਾਬ ਦੀ ‘ਆਪ’ ਸਰਕਾਰ ਸਿੱਖਿਆ ਦੇ ਨਿੱਜੀਕਰਨ ਅਤੇ ਨਿਗਮੀਕਰਨ ਪ੍ਰਤੀ ਆਪਣੀ ਪ੍ਰਤੀਬੱਧਤਾ ਨੂੰ ਤਿਆਗ ਨਹੀਂ ਰਹੀ। ਜ਼ਿਲ੍ਹਾ ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਮੁਲਾਜ਼ਮਾਂ ਅਤੇ ਜਨਤਕ ਧਨ ਦੀ ਅੰਨ੍ਹੀ ਲੁੱਟ ਬੰਦ ਹੋਣੀ ਚਾਹੀਦੀ ਹੈ। ਇਸ ਮੌਕੇ ਦਵਿੰਦਰ ਸਿੱਧੂ, ਦਲਜੀਤ ਸਮਰਾਲਾ, ਮਨਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਸੰਜੇ ਪੁਰੀ ਤੇ ਹਰਜਿੰਦਰ ਸਿੰਘ ਆਦਿ ਨੇ ਵੀ ਸਬੋਧਨ ਕੀਤਾ।