ਗਗਨਦੀਪ ਅਰੋੜਾ
ਲੁਧਿਆਣਾ, 11 ਜੁਲਾਈ
ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਆਤਮ ਸਮਰਪਣ ਕਰਨ ਦੀ ਜਾਣਕਾਰੀ ਪਹਿਲਾਂ ਹੀ ਉਨ੍ਹਾਂ ਦੇ ਸਾਥੀਆਂ ਨੂੰ ਮਿਲ ਗਈ ਸੀ। ਸੋਮਵਾਰ ਸਵੇਰੇ ਹੀ ਵੱਡੀ ਗਿਣਤੀ ਵਿੱਚ ਬੈਂਸ ਸਮਰਥਕ ਅਦਾਲਤੀ ਕੰਪਲੈਕਸ ਬਾਹਰ ਪੁੱਜਣ ਲੱਗੇ ਸਨ। ਬੈਂਸ ਦੇ ਅਦਾਲਤ ’ਚ ਆਤਮ ਸਮਰਪਣ ਕਰਨ ਤੋਂ ਬਾਅਦ ਜਿਵੇਂ ਹੀ ਪੁਲੀਸ ਬੈਂਸ ਤੇ ਉਸ ਦੇ ਸਾਥੀਆਂ ਨੂੰ ਲਿਜਾਣ ਲੱਗੀ ਤਾਂ ਸਾਰੇ ਸਮਰਥਕਾਂ ਨੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਤੇ ਬੈਂਸ ਦੇ ਹੱਕ ’ਚ ਆਵਾਜ਼ ਬੁਲੰਦ ਕੀਤੀ। ਦੱਸਿਆ ਜਾ ਰਿਹਾ ਹੈ ਕਿ ਬੈਂਸ ਦੇ ਕਰੀਬੀ ਕਾਫ਼ੀ ਲੰਮੇ ਸਮੇਂ ਤੋਂ ਉਨ੍ਹਾਂ ਨੂੰ ਕਹਿ ਰਹੇ ਸਨ ਕਿ ਉਹ ਅਦਾਲਤ ’ਚ ਪੇਸ਼ ਹੋ ਜਾਣ। ਪਾਰਟੀ ਦੇ ਸੀਨੀਅਰ ਆਗੂਆਂ ਨੂੰ ਇਹੀ ਡਰ ਸੀ ਕਿ ਪਾਰਟੀ ਕਿਤੇ ਨਾ ਕਿਤੇ ਜ਼ਮੀਨੀ ਪੱਧਰ ’ਤੇ ਕਮਜ਼ੋਰ ਪੈ ਰਹੀ ਹੈ। ਸੋਮਵਾਰ ਸਵੇਰੇ ਸਾਬਕਾ ਵਿਧਾਇਕ ਬੈਂਸ ਤੋਂ ਪਹਿਲਾਂ ਹੀ ਉਨ੍ਹਾਂ ਦੇ ਸਮਰਥਕ ਲੁਧਿਆਣਾ ਅਦਾਲਤ ਵਿੱਚ ਇਕੱਠਾ ਹੋਣਾ ਸ਼ੁਰੂ ਹੋ ਗਏ। ਬੈਂਸ ਨੇ ਅਦਾਲਤ ਪਹੁੰਚਣ ਤੋਂ ਪਹਿਲਾਂ ਹੀ ਫੇਸਬੁੱਕ ਦੇ ਜ਼ਰੀਏ ਸਭ ਨੂੰ ਸੁਨੇਹਾ ਲਗਾ ਦਿੱਤਾ ਸੀ ਕਿ ਉਹ ਅੱਜ ਅਦਾਲਤ ਵਿੱਚ ਸਰੰਡਰ ਕਰਨ ਜਾ ਰਹੇ ਹਨ। ਸਿਮਰਜੀਤ ਬੈਂਸ ਨੂੰ ਜਦੋਂ ਪੁਲੀਸ ਰਿਮਾਂਡ ’ਤੇ ਲੈ ਕੇ ਜਾਣ ਲੱਗੀ ਤਾਂ ਬੈਂਸ ਦੇ ਸਮਰਥਕਾਂ ਨੇ ਉਸ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਲੋਕ ਇਨਸਾਫ਼ ਪਾਰਟੀ ਦੇ ਆਗੂ ਗਗਨਦੀਪ ਸਿੰਘ ਸੰਨੀ ਕੈਂਥ ਨੇ ਕਿਹਾ ਕਿ ਬੈਂਸ ਭਰਾਵਾਂ ਦਾ ਕਾਨੂੰਨ ਵਿੱਚ ਪੂਰਾ ਭਰੋਸਾ ਹੈ। ਉਨ੍ਹਾਂ ਨੇ ਪਹਿਲਾਂ ਕਾਨੂੰਨੀ ਪ੍ਰਕਿਰਿਆ ਨੂੰ ਅਪਨਾਉਂਦੇ ਹੋਏ ਹਾਈ ਕੋਰਟ ਤੇ ਸੁਪਰੀਮ ਕੋਰਟ ਤੋਂ ਰਾਹਤ ਲੈਣ ਦੀ ਕੋਸ਼ਿਸ਼ ਕੀਤੀ ਪਰ ਇੱਥੇ ਅਦਾਲਤਾਂ ਨੇ ਮਨ੍ਹਾਂ ਕਰ ਦਿੱਤਾ। ਇਸ ਤੋਂ ਬਾਅਦ ਅਦਾਲਤੀ ਹੁਕਮਾਂ ਦਾ ਸਨਮਾਨ ਕਰਦੇ ਹੋਏ ਬੈਂਸ ਤੇ ਉਨ੍ਹਾਂ ਦੇ ਸਾਥੀਆਂ ਨੇ ਅਦਾਲਤ ਸਾਹਮਣੇ ਆਤਮ ਸਮਰਪਣ ਕੀਤਾ ਹੈ। ਬੈਂਸ ਦੇ ਵੱਡੇ ਭਰਾ ਜਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਇਸ ਮਾਮਲੇ ਦੀ ਪੜਤਾਲ ਦੌਰਾਨ ਅਦਾਲਤ ਨੂੰ ਸਾਰੀ ਸਚਾਈ ਪਤਾ ਲੱਗ ਜਾਵੇਗੀ, ਕਿਉਂਕਿ ਇਹ ਮਾਮਲਾ ਸਿੱਧੇ ਤੌਰ ’ਤੇ ਰਾਜਸੀ ਹੈ। ਸਿਆਸੀ ਬਦਲਾਖੋਰੀ ਕਾਰਨ ਉਨ੍ਹਾਂ ਨੂੰ ਫਸਾਇਆ ਜਾ ਰਿਹਾ ਹੈ।
ਇਨਸਾਫ਼ ਲਈ ਆਖਰੀ ਦਮ ਤੱਕ ਲੜਾਂਗੀ: ਪੀੜਤ ਔਰਤ
ਸਾਬਕਾ ਵਿਧਾਇਕ ਬੈਂਸ ਤੇ ਉਨ੍ਹਾਂ ਦੇ ਸਾਥਿਆਂ ’ਤੇ ਜਬਰ ਜਨਾਹ ਦੇ ਮਾਮਲੇ ਤਹਿਤ ਐਫਆਈਆਰ ਦਰਜ ਕਰਵਾਉਣ ਵਾਲੀ ਔਰਤ ਵੀ ਅੱਜ ਅਦਾਲਤ ਪੁੱਜ ਗਈ। ਜਿਥੇ ਉਸ ਨੇ ਕਿਹਾ ਕਿ ਉਹ ਇਨਸਾਫ਼ ਲਈ ਆਖ਼ਰੀ ਦਮ ਤੱਕ ਲੜਦੀ ਰਹੇਗੀ। ਪੀੜਤ ਔਰਤ ਨੇ ਕਿਹਾ ਕਿ ਉਹ ਹੌਸਲਾ ਕਰਕੇ ਇੱਥੇ ਤੱਕ ਕੇਸ ਨੂੰ ਲੈ ਕੇ ਆਈ ਹੈ। ਹੁਣ ਉਹ ਕਿਸੇ ਵੀ ਹਾਲ ਵਿੱਚ ਇਨ੍ਹਾਂ ਨੂੰ ਜੇਲ੍ਹ ਵਿੱਚ ਬਾਹਰ ਨਹੀਂ ਆਉਣ ਦਵੇਗੀ। ਉਸ ਨੇ ਕਿਹਾ ਕਿ ਉਸ ਨੂੰ ਅਦਾਲਤ ’ਤੇ ਪੂਰਾ ਭਰੋਸਾ ਹੈ ਤੇ ਇਨਸਾਫ਼ ਲਈ ਜੇ ਜ਼ਰੂਰਤ ਪਵੇਗੀ ਤਾਂ ਉਹ ਉੱਚ ਅਦਾਲਤ ਤੱਕ ਵੀ ਜਾਏਗੀ।