ਸਤਵਿੰਦਰ ਬਸਰਾ
ਲੁਧਿਆਣਾ, 25 ਜੂਨ
ਕਰੋਨਾ ਮਹਾਮਾਰੀ ਕਾਰਨ ਹਰ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਸੰਗੀਤ ਜਗਤ ਨਾਲ ਜੁੜੇ ਕਲਾਕਾਰ ਵੀ ਇਸ ਤੋਂ ਬਚ ਨਹੀਂ ਸਕੇ। ਕਰੋਨਾ ਕਾਰਨ ਆਰਥਿਕ ਤੰਗੀ ਦਾ ਸ਼ਿਕਾਰ ਹੋਏ ਇਨ੍ਹਾਂ ਕਲਾਕਾਰਾਂ ਨੇ ਪ੍ਰਧਾਨ ਬੰਟੀ ਕੜਿਆਰਾ ਦੀ ਅਗਵਾਈ ਹੇਠ ਅੱਜ ਲੁਧਿਆਣਾ ਦੇ ਜਲੰਧਰ ਬਾਈਪਾਸ ’ਚ ਰੋਸ ਪ੍ਰਦਰਸ਼ਨ ਕੀਤਾ। ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਕਲਾਕਾਰ ਆਗੂਆਂ ਨੇ ਕਿਹਾ ਕਿ ਕਰੋਨਾ ਕਰਕੇ ਪਿਛਲੇ ਦੋ ਸਾਲਾਂ ਤੋਂ ਉਨ੍ਹਾਂ ਦਾ ਕੰਮ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ, ਜਿਸ ਕਾਰਨ ਅੱਜ ਉਹ ਆਰਥਿਕ ਤੰਗੀ ਦਾ ਸ਼ਿਕਾਰ ਹੋ ਗਏ ਹਨ। ਕਈ ਕਲਾਕਾਰਾਂ ਨੇ ਤਾਂ ਇਸ ਮੁਸ਼ਕਲ ਨਾਲ ਜੂਝਦਿਆਂ ਖੁਦਕੁਸ਼ੀ ਤੱਕ ਕਰ ਲਈ। ਕਲਾਕਾਰ ਆਗੂਆਂ ਨੇ ਕਿਹਾ ਕਿ ਕਰੋਨਾ ਦੀਆਂ ਹਦਾਇਤਾਂ ਅਨੁਸਾਰ ਰਾਤ ਸਮੇਂ ਹੁੰਦੇ ਜਗਰਾਤੇ ਅਤੇ ਵਿਆਹਾਂ ਆਦਿ ਦੇ ਸਮਾਗਮਾਂ ’ਤੇ ਪਾਬੰਦੀਆਂ ਲੱਗੀਆਂ ਹੋਈਆਂ ਹਨ। ਇਨ੍ਹਾਂ ਪਾਬੰਦੀਆਂ ਕਾਰਨ ਉਨ੍ਹਾਂ ਦਾ ਸਾਰਾ ਕਾਰੋਬਾਰ ਚੋਪਟ ਹੋ ਗਿਆ ਹੈ। ਇਨ੍ਹਾਂ ਆਗੂਆਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਹੋਰ ਵਪਾਰਕ ਅਦਾਰੇ ਸ਼ਰਤਾਂ ਤਹਿਤ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ, ਇਸੇ ਤਰ੍ਹਾਂ ਦੀਆਂ ਸ਼ਰਤਾਂ ਤਹਿਤ ਰਾਤ ਦੇ ਪ੍ਰੋਗਰਾਮ ਵੀ ਸ਼ੁਰੂ ਕੀਤੇ ਜਾਣ ਤਾਂ ਜੋ ਉਹ ਵੀ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕਣ। ਇਸ ਮੌਕੇ ਅਸ਼ੋਕ, ਪ੍ਰਦੀਪ ਸ਼ਾਹੀ, ਸੋਨੂੰ ਰਾਜਾ, ਰੋਹਿਤ ਸ਼ਰਮਾ, ਰਮਨ ਪੰਡਿਤ, ਵਿਜੇ ਸ਼ਰਮਾ, ਸਿਮਰਨ ਸਿੰਮੀ, ਸੰਗੀਤਾ, ਸਪਨ ਚੰਚਲ, ਪਿੰਕੀ ਵਰਮਾ, ਕਮਲ ਕੱਸ਼ਯਪ ਆਦਿ ਹਾਜ਼ਰ ਸਨ।