ਜੋਗਿੰਦਰ ਸਿੰਘ ਓਬਰਾਏ
ਖੰਨਾ, 12 ਜੁਲਾਈ
ਇਥੇ ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਵੱਲੋਂ ਅੱਜ ਆਲ ਇੰਡੀਆ ਫੈਡਰੇਸ਼ਨ ਦੇ ਸੱਦੇ ’ਤੇ ਅਮਰਜੀਤ ਕੌਰ ਦੀ ਅਗਵਾਈ ਹੇਠਾਂ ਆਪਣੀਆਂ ਹੱਕੀ ਮੰਗਾਂ ਲਈ ਅਮਲੋਹ ਰੋਡ ਜਾਮ ਕਰ ਕੇ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਵਰਕਰਾਂ ਨੇ ਨਾਅਰੇਬਾਜ਼ੀ ਕਰਕੇ ਭੜਾਸ ਕੱਢੀ। ਮੁਜ਼ਾਹਰੇ ਦੌਰਾਨ ਵਰਕਰਾਂ ਨੇ ਇਸ ਗੱਲ ’ਤੇ ਦੁੱਖ ਪ੍ਰਗਟ ਕੀਤਾ ਕਿ ਕੈਪਟਨ ਸਰਕਾਰ ਨੇ ਸਾਢੇ ਚਾਰ ਸਾਲ ਬੀਤ ਜਾਣ ਮਗਰੋਂ ਵੀ ਆਂਗਣਵਾੜੀ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨਹੀਂ ਮੰਨੀਆਂ, ਜਦੋਂ ਕਿ ਇਸ ਸਬੰਧੀ ਸਰਕਾਰ ਨਾਲ ਕਈ ਮੀਟਿੰਗਾਂ ਹੋ ਚੁੱਕੀਆਂ ਹਨ। ਇਸ ਮੌਕੇ ਸੁਮਨ ਸ਼ਰਮਾ, ਅਜਿੰਦਰਪਾਲ ਕੌਰ ਤੇ ਨਿਧੀ ਸ਼ਰਮਾ ਨੇ ਮੰਗ ਕੀਤੀ ਕਿ ਆਈਸੀਡੀਐੱਸ ਵਿਭਾਗ ਬਣਾ ਕੇ ਵਰਕਰ ਹੈਲਪਰਾਂ ਨੂੰ ਗ੍ਰੇਡ-3 ਤੇ 4 ਦਾ ਦਰਜਾ ਦਿੱਤਾ ਜਾਵੇ, ਵਰਕਰਾਂ ਨੂੰ ਮਾਣ ਭੱਤਾ ਦਿੱਤਾ ਜਾਵੇ, ਪੈਨਸ਼ਨ ਦਾ ਪ੍ਰਬੰਧ ਕੀਤਾ ਜਾਵੇ, 44ਵੀਂ ਤੇ 45ਵੀਂ ਲੇਬਰ ਕਾਨਫਰੰਸ ਦੀਆਂ ਸ਼ਿਫਾਰਸ਼ਾਂ ਲਾਗੂ ਕੀਤੀਆਂ ਜਾਣ, ਮਾਣ ਭੱਤੇ ’ਚ ਕੀਤੀ ਕਟੌਤੀ ਬਕਾਏ ਸਮੇਤ ਬਹਾਲ ਕੀਤੀ ਜਾਵੇ, ਕਰੋਨਾ ਦੌਰਾਨ ਵਰਕਰਾਂ ਨੂੰ ਮੁਫ਼ਤ ਇਲਾਜ ਦੀ ਸਹੂਲਤ ਮੁਹੱਈਆ ਕਰਵਾਈ ਜਾਵੇ, ਪ੍ਰੀ-ਪ੍ਰਾਇਮਰੀ ਜਮਾਤਾਂ ਆਂਗਨਵਾੜੀ ਕੇਦਰਾਂ ਨੂੰ ਦਿੱਤੀਆਂ ਜਾਣ ਤੇ ਆਂਗਣਵਾੜੀ ਕੇਦਰਾਂ ਵਿਚ ਦਿੱਤਾ ਜਾਣ ਵਾਲੇ ਪੋਸ਼ਟਿਕ ਅਹਾਰ ਦੀ ਗੁਣਵੱਤਾ ਨੂੰ ਵਧਾਇਆ ਜਾਵੇ। ਇਸ ਦੌਰਾਨ ਵਰਕਰਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਤੁਰੰਤ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਤੇਜ਼ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਸ਼ਸ਼ੀ ਸ਼ਰਮਾ, ਅਮਰਜੀਤ ਕੌਰ, ਬਲਵੀਰ ਕੌਰ, ਗੁਰਿੰਦਰ ਕੌਰ, ਰਾਜਿੰਦਰ ਕੌਰ, ਤ੍ਰਿਪਤਾ ਦੇਵੀ, ਅਵਤਾਰ ਕੌਰ ਤੇ ਜਸਵੀਰ ਕੌਰ ਹੋਰ ਹਾਜ਼ਰ ਸਨ।