ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 13 ਅਪਰੈਲ
ਜਮਹੂਰੀ ਕਿਸਾਨ ਸਭਾ ਵੱਲੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ 11 ਤੋਂ 17 ਅਪਰੈਲ ਤੱਕ ਕੇਂਦਰ ਸਰਕਾਰ ਵਿਰੁੱਧ ਰੋਸ ਹਫ਼ਤਾ ਮਨਾਉਣ ਦੇ ਸੱਦੇ ਤਹਿਤ ਅੱਜ ਰੋਸ ਮੁਜ਼ਾਹਰਾ ਕੀਤਾ ਗਿਆ। ਰੇਲਵੇ ਕਲੋਨੀ ਵਿੱਚ ਕੀਤੇ ਰੋਸ ਮੁਜ਼ਾਹਰੇ ਦੌਰਾਨ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਰਘਵੀਰ ਸਿੰਘ ਬੈਨੀਪਾਲ ਅਤੇ ਮੁਲਾਜ਼ਮ ਆਗੂ ਪਰਮਜੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਵਿੱਚ ਕਾਰਪੋਰੇਟ ਘਰਾਣਿਆਂ ਦੇ ਨਫ਼ੇ ਲਈ ਬਿਜਲੀ ਦੇ ਚਿਪ ਵਾਲੇ ਮੀਟਰ ਲਗਾਉਣਾ ਚਾਹੁੰਦੀ ਹੈ ਜਿਸ ਨੂੰ ਲੋਕ ਕਦੇ ਵੀ ਪ੍ਰਵਾਨ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆ ਮੰਨੀਆਂ ਗਈਆਂ ਮੰਗਾਂ ਜਿਵੇਂ ਐੱਮਐੱਸਪੀ ਤੇ ਫ਼ਸਲ ਦੀ ਖਰੀਦ ਦੀ ਗਾਰੰਟੀ, ਲਖਮੀਰਪੁਰ ਖੀਰੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ, ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵਿੱਚ ਕੀਤਾ ਵਾਧਾ ਵਾਪਸ ਲੈਣ, ਕਿਸਾਨਾਂ ਲਈ ਸਸਤੇ ਰੇਟ ’ਤੇ ਡੀਜ਼ਲ ਦੇਣ, ਮੰਡੀਆਂ ਵਿੱਚ ਫ਼ਸਲ ਦੀ ਖਰੀਦ ਦਾ ਸਾਫ਼ ਸੁਥਰਾ ਪ੍ਰਬੰਧ ਅਤੇ ਖੇਤੀ ਲਈ ਚੌਵੀ ਘੰਟੇ ਮੁਫ਼ਤ ਤੇ ਨਿਰਵਿਘਨ ਸਪਲਾਈ ਆਦਿ ਤੋਂ ਸਰਕਾਰ ਪਾਸਾ ਵੱਟ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਮੰਨੀਆਂ ਮੰਗਾਂ ਦੇ ਫ਼ੈਸਲੇ ਨੂੰ ਸਰਕਾਰ ਤੁਰੰਤ ਲਾਗੂ ਕਰੇ।
ਕਿਸਾਨਾਂ ਵੱਲੋਂ ਐੱਸਡੀਐੱਮ ਨੂੰ ਮੰਗ ਪੱਤਰ
ਪਾਇਲ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਵੱਲੋਂ ਕਿਸਾਨਾਂ-ਮਜ਼ਦੂਰਾਂ ਦੀਆਂ ਭੱਖਦੀਆਂ ਮੰਗਾਂ ਸਬੰਧੀ ਐੱਸਡੀਐੱਮ ਪਾਇਲ ਦੀਪਜੋਤ ਕੌਰ ਨੂੰ ਮੰਗ ਪੱਤਰ ਦਿੱਤਾ ਗਿਆ। ਬੀਕੇਯੂ ਡਕੌਂਦਾ ਦੇ ਆਗੂ ਰਾਜਵੀਰ ਸਿੰਘ ਘੁਡਾਣੀ ਅਤੇ ਸੁਖਦੇਵ ਸਿੰਘ ਲੈਹਿਲ ਨੇ ਕਿਹਾ ਕਿ ਸਰਕਾਰ ਹਾੜ੍ਹੀ ਦੇ ਚੱਲ ਰਹੇ ਸ਼ੀਜਨ ਦੌਰਾਨ ਫਾਇਰ ਬ੍ਰਿਗੇਡ ਦਾ ਇੰਤਜ਼ਾਮ ਕਰੇ ਤੇ ਮੌਸਮ ਦੀ ਤਬਦੀਲੀ ਕਾਰਨ ਕਣਕ ਦਾ 4 ਤੋਂ 5 ਕੁਇੰਟਲ ਪ੍ਰਤੀ ਏਕੜ ਝਾੜ ਘੱਟ ਨਿਕਲ ਰਿਹਾ ਹੈ , ਇਸ ਦੀ ਭਰਪਾਈ ਸਰਕਾਰ ਕਰੇ। ਡੀਜ਼ਲ, ਪੈਟਰੋਲ ਅਤੇ ਗੈਸ ਕੀਮਤਾਂ ਵਿੱਚ ਕੀਤਾ ਵਾਧਾ ਸਰਕਾਰ ਵਾਪਸ ਲਵੇ। ਇਸ ਮੌਕੇ ਗੁਰਦੀਪ ਸਿੰਘ, ਪ੍ਰਦੀਪ ਸਿੰਘ, ਉਜਾਗਰ ਸਿੰਘ, ਪ੍ਰਧਾਨ ਨਿੰਦਰਜੀਤ ਸਿੰਘ ਹਾਜ਼ਰ ਸਨ।