ਗੁਰਿੰਦਰ ਸਿੰਘ
ਲੁਧਿਆਣਾ, 15 ਅਪਰੈਲ
ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨੀ ਮੰਗਾਂ ਬਾਰੇ 11 ਤੋਂ 17 ਅਪਰੈਲ ਤੱਕ ਕੇਂਦਰ ਸਰਕਾਰ ਵਿਰੁੱਧ ਰੋਸ ਹਫ਼ਤਾ ਮਨਾਉਣ ਦੇ ਸੱਦੇ ਤਹਿਤ ਅੱਜ ਜਮਹੂਰੀ ਕਿਸਾਨ ਸਭਾ ਵੱਲੋਂ ਪਿੰਡ ਸੇਖੇਵਾਲ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਰਘਵੀਰ ਸਿੰਘ ਬੈਨੀਪਾਲ, ਜਗਤਾਰ ਸਿੰਘ ਚਕੋਹੀ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਸੇਖੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਵਿੱਚ ਕਾਰਪੋਰੇਟ ਘਰਾਣਿਆਂ ਦੇ ਨਫ਼ੇ ਲਈ ਬਿਜਲੀ ਦੇ ਚਿੱਪ ਵਾਲੇ ਮੀਟਰ ਲਗਾਉਣਾ ਚਾਹੁੰਦੀ ਹੈ ਜਿਸ ਨੂੰ ਲੋਕ ਕਦੇ ਵੀ ਪ੍ਰਵਾਨ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਮੰਨੀਆਂ ਗਈਆਂ ਮੰਗਾਂ ਲਾਗੂ ਕਰਨ ਲਈ ਸਰਕਾਰ ਪਾਸਾ ਵੱਟ ਰਹੀ ਹੈ।
ਉਨ੍ਹਾਂ ਨੌਜਵਾਨਾਂ ਲਈ ਪੱਕੇ ਰੁਜ਼ਗਾਰ ਦੀ ਮੰਗ ਕਰਦਿਆਂ ਕਿਹਾ ਕਿ ਠੇਕੇਦਾਰੀ ਸਿਸਟਮ ਬੰਦ ਕਰ ਕੇ ਸਾਰੇ ਮਹਿਕਮਿਆਂ ਵਿੱਚ ਸਿੱਧੀ ਅਤੇ ਪੱਕੀ ਭਰਤੀ ਕੀਤੀ ਜਾਵੇ। ਸਿੱਖਿਆ ਸਣੇ ਸਾਰੇ ਮਹਿਕਮਿਆਂ ਦਾ ਨਿੱਜੀਕਰਨ ਬੰਦ ਹੋਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਮੰਨੀਆਂ ਮੰਗਾਂ ਦੇ ਫ਼ੈਸਲੇ ਨੂੰ ਸਰਕਾਰ ਤੁਰੰਤ ਲਾਗੂ ਕਰੇ। ਇਸ ਮੌਕੇ ਲਛਮਣ ਸਿੰਘ ਕੂਮਕਲਾਂ ਅਤੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਰਤਨਗੜ੍ਹ ਨੇ ਵੀ ਸੰਬੋਧਨ ਕੀਤਾ।
ਭਾਕਿਯੂ ਏਕਤਾ ਉਗਰਾਹਾਂ ਦੇ ਕਾਰਕੁਨਾਂ ਵੱਲੋਂ ਧਰਨਾ
ਪਾਇਲ (ਦੇਵਿੰਦਰ ਸਿੰਘ ਜੱਗੀ ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ‘ਐੱਮਐੱਸਪੀ ਕਾਨੂੰਨੀ ਗਾਰੰਟੀ ਹਫ਼ਤਾ’ ਤਹਿਤ ਐੱਸਡੀਐੱਮ ਪਾਇਲ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਇਸ ਮੌਕੇ ਅਧਿਕਾਰੀ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਬਲਾਕ ਦੋਰਾਹਾ ਦੇ ਪ੍ਰਧਾਨ ਪਰਮਵੀਰ ਸਿੰਘ ਘਲੋਟੀ ਅਤੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਕਿਹਾ ਕਿ ਸਭਨਾਂ ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਤੈਅ ਕਰਨ ਤੇ ਇਸ ਮੁੱਲ ’ਤੇ ਸਰਕਾਰੀ ਖ਼ਰੀਦ ਦੀ ਗਾਰੰਟੀ ਕਰਵਾਉਣ ਦਾ ਕਾਨੂੰਨ ਬਣਵਾਉਣ ਦੀ ਮੰਗ ਇਕਹਿਰੀ ਨਹੀਂ ਹੈ, ਇਹ ਮੰਗ ਫ਼ਸਲਾਂ ਦੇ ਮੰਡੀਕਰਨ ਵਿੱਚ ਦੇਸੀ ਕਾਰਪੋਰੇਟਾਂ ਤੇ ਸਾਮਰਾਜੀ ਬਹੁਕੌਮੀ ਕੰਪਨੀਆਂ ਦਾ ਦਾਖ਼ਲਾ ਰੋਕਣ ਦੀ ਮੰਗ ਹੈ। ਇਸ ਦੇ ਨਾਲ ਹੀ ਇਸ ਖੇਤਰ ਵਿੱਚ ਸਰਕਾਰੀ ਦਖ਼ਲ ਨੂੰ ਹੋਰ ਮਜ਼ਬੂਤ ਕਰਨ ਦੀ ਮੰਗ ਕੀਤੀ ਗਈ ਹੈ। ਇਸ ਲਈ ਸਰਕਾਰ ਵੱਲੋਂ ਅਖ਼ਤਿਆਰ ਨੀਤੀ ਬਦਲਵਾਉਣ ਦੀ ਮੰਗ ਹੈ। ਉਨ੍ਹਾਂ ਕਿਹਾ ਕਿ ਮੰਗ ਪੱਤਰ ਰਾਹੀਂ ਮੰਗ ਕੀਤੀ ਗਈ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਸਭਨਾਂ ਫ਼ਸਲਾਂ ਦੀ ਸਰਕਾਰੀ ਖ਼ਰੀਦ ਦੀ ਸਰਕਾਰੀ ਜ਼ਿੰਮੇਵਾਰੀ ਤੈਅ ਕਰਦਾ ਕਾਨੂੰਨ ਬਣਾਵੇ ਅਤੇ ਸਭਨਾਂ ਫ਼ਸਲਾਂ ਦੀ ਸਰਕਾਰੀ ਖ਼ਰੀਦ ਯਕੀਨੀ ਕਰੇ, ਸਰਕਾਰ ਸਭਨਾਂ ਫ਼ਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਸਾਰੇ ਲਾਗਤ ਖ਼ਰਚਿਆਂ ਨੂੰ ਗਿਣ ਕੇ ਤੇ ਕਿਸਾਨ ਲਈ ਮੁਨਾਫ਼ਾ ਗਿਣ ਕੇ ਸਵਾਮੀਨਾਥਨ ਕਮਿਸ਼ਨ ਦੇ 3-2 ਫਾਰਮੂਲੇ ਦੇ ਹਿਸਾਬ ਨਾਲ ਤੈਅ ਕਰੇ। ਧਰਨੇ ਦੌਰਾਨ ਜ਼ਿਲ੍ਹਾ ਆਗੂ ਹਰਜੀਤ ਸਿੰਘ ਘਲੋਟੀ, ਦਵਿੰਦਰ ਸਿੰਘ ਘਲੋਟੀ, ਪ੍ਰਧਾਨ ਹਾਕਮ ਸਿੰਘ ਜਰਗੜੀ, ਕਮਲਜੀਤ ਸਿੰਘ ਗਿੱਦੜੀ, ਨਿਰਮਲ ਸਿੰਘ ਬਿਲਾਸਪੁਰ, ਜਸਵੀਰ ਸਿੰਘ ਅਸਗਰੀਪੁਰ, ਸੰਦੀਪ ਸਿੰਘ ਬੀਜਾ, ਜਗਦੇਵ ਸਿੰਘ ਨਸਰਾਲੀ, ਹਰਦੇਵ ਸਿੰਘ ਜਰਗੜੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।