ਕੁਲਵਿੰਦਰ ਸਿੰਘ ਗਿੱਲ
ਕੁੱਪ ਕਲਾਂ, 10 ਜੁਲਾਈ
ਪਿੰਡ ਸਰੌਦ ਦੇ ਸ਼ਿਵ ਮੰਦਰ ਵਿੱਚ ਲੰਘੀ ਰਾਤ ਸ਼ਿਵਲਿੰਗ ਨਾਲ ਸ਼ਰਾਰਤੀ ਅਨਸਰਾਂ ਵੱਲੋਂ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੂਰਾ ਦਿਨ ਮਾਹੌਲ ਤਣਾਅਪੂਰਨ ਬਣਿਆ ਰਿਹਾ। ਦੋ ਪਿੰਡਾਂ ਦੀ ਸਾਂਝ ’ਚ ਸਥਿਤ ਇਸ ਪੁਰਾਤਨ ਮੰਦਰ ਦੀ ਦੇਖਭਾਲ ਕਰ ਰਹੇ ਪਰਿਵਾਰ ਦੇ ਸਾਬਕਾ ਕੈਪਟਨ ਪਰਮਜੀਤ ਕੁਮਾਰ ਨੇ ਆਖਿਆ ਕਿ ਅੱਜ ਸਵੇਰੇ ਜਦੋਂ ਉਨ੍ਹਾਂ ਦਾ ਪਰਿਵਾਰ ਮੰਦਰ ਗਿਆ ਤਾਂ ਉਥੇ ਮੰਦਰ ਦੇ ਸ਼ਿਵਲਿੰਗ ਨਾਲ ਕਿਸੇ ਸ਼ਰਾਰਤੀ ਅਨਸਰ ਵੱਲੋਂ ਛੇੜਛਾੜ ਕੀਤੀ ਗਈ ਸੀ। ਇਸ ਸਬੰਧੀ ਉਨ੍ਹਾਂ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ ਤਾਂ ਐੱਸਪੀ ਮਾਲੇਰਕੋਟਲਾ ਅਮਨਦੀਪ ਸਿੰਘ ਬਰਾੜ, ਐੱਸਪੀ ਹਰਪ੍ਰੀਤ ਸਿੰਘ ਹੁੰਦਲ ਵਲੋਂ ਪਹੁੰਚ ਕੇ ਭਰੋਸਾ ਦਿਵਾਇਆ ਕਿ ਪੁਲੀਸ ਵੱਲੋਂ ਮਾਮਲਾ ਦਰਜ ਕਰ ਲਿਆ ਹੈ। ਸਾਬਕਾ ਕੈਪਟਨ ਪਰਮਜੀਤ ਕੁਮਾਰ, ਪੰਚਾਇਤ ਅਤੇ ਪਤਵੰਤੇ ਸੱਜਣਾ ਨੇ ਆਖਿਆ ਕਿ ਇਹ ਘਟਨਾ ਬੇਹੱਦ ਮੰਦਭਾਗੀ ਹੈ, ਇਸ ਮੌਕੇ ਭਾਈਚਾਰਕ ਏਕਾ ਬਣਾਏ ਰੱਖਣ ਦੀ ਸਖ਼ਤ ਲੋੜ ਹੈ। ਬਜਰੰਗ ਦਲ ਦੇ ਆਗੂ ਹਤੇਸ਼ ਭਾਰਦਵਾਜ ਵੱਲੋਂ ਸਥਿਤ ਸ਼ਿਵ ਮੰਦਰ ’ਚ ਪਹੁੰਚ ਕੇ ਪ੍ਰਸ਼ਾਸਨ ਨੂੰ ਦੋਸ਼ੀਆਂ ਦੀ ਗ੍ਰਿਫ਼ਤਾਰੀ ਦਾ ਸਮਾਂ ਦਿੰਦਿਆਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ। ਖ਼ਬਰ ਲਿਖੇ ਜਾਣ ਤੱਕ ਹਿੰਦੂ ਜਥੇਬੰਦੀਆਂ ਦਾ ਧਰਨਾ ਜਾਰੀ ਸੀ।