ਸਤਵਿੰਦਰ ਬਸਰਾ
ਲੁਧਿਆਣਾ, 30 ਅਗਸਤ
ਡੀਟੀਐੱਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਦੀ ਅਗਵਾਈ ਹੇਠ ਲੁਧਿਆਣਾ ਵਿੱਚ ਸਥਿਤ ਈਸੜੂ ਭਵਨ ਵਿੱਚ ਕੀਤੀ ਗਈ ਮੀਟਿੰਗ ਵਿੱਚ ‘ਸਕੱਤਰ ਭਜਾਓ ਸਿੱਖਿਆ ਬਚਾਓ’ ਦੇ ਨਾਅਰੇ ਤਹਿਤ ਸਾਂਝਾ ਅਧਿਆਪਕ ਮੋਰਚਾ ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਅਤੇ ਪੁਤਲੇ ਫੂਕਣ ਦੇ ਐਕਸ਼ਨਾਂ ਵਿੱਚ ਸ਼ਮੂਲੀਅਤ ਦਾ ਐਲਾਨ ਕੀਤਾ ਗਿਆ। ਇਸ ਮੌਕੇ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਜਨਰਲ ਸਕੱਤਰ ਮੁਕੇਸ਼ ਕੁਮਾਰ, ਜੱਥੇਬੰਦਕ ਸਕੱਤਰ ਰੁਪਿੰਦਰ ਪਾਲ ਗਿੱਲ, ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਨੇ ਮੰਗਾਂ ਮੰਨਵਾਉਣ ਲਈ ਪਹਿਲੀ ਸਤੰਬਰ ਨੂੰ ਸਿੱਖਿਆ ਸਕੱਤਰ ਦੇ ਪੁਤਲੇ ਫੂਕਦੇ ਹੋਏ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਵੱਲ ਰੋਸ ਪੱਤਰ ਭੇਜਣ ਦੇ ਐਕਸ਼ਨਾਂ ਵਿੱਚ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਸੀਸਵਾਂ ਫਾਰਮ ਨੇੜੇ ਜਾਂ ਸਰਕਾਰੀ ਰਾਜ ਪੱਧਰੀ ਸਮਾਗਮ ਦੇ ਸਮਾਂਤਰ ‘ਅਧਿਆਪਕ ਸਨਮਾਨ ਬਹਾਲੀ ਰੈਲੀ’ ਕਰਕੇ ਸੰਘਰਸ਼ਾਂ ਦੌਰਾਨ ਵਿਕਟੇਮਾਈਜ ਹੋਏ ਸਾਥੀਆਂ ਦੇ ਕੀਤੇ ਜਾਣ ਵਾਲੇ ਸਨਮਾਨ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ। ਮੀਟਿੰਗ ਵਿੱਚ 11 ਸਤੰਬਰ ਨੂੰ ਪੰਜਾਬ ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਕੀਤੇ ਜਾਣ ਵਾਲੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਵਿੱਚ ਤੇ 29 ਜੁਲਾਈ ਦੀ ਰੈਲੀ ਵਿੱਚ ਸ਼ਮੂਲੀਅਤ ਦਾ ਐਲਾਨ ਕੀਤਾ ਗਿਆ।