ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 1 ਅਪਰੈਲ
ਮ੍ਰਿਤਕ ਕੁਲਵੰਤ ਕੌਰ ਰਸੂਲਪੁਰ ਦੀ ਮੌਤ ਦੇ ਮਾਮਲੇ ’ਚ ਨਾਮਜ਼ਦ ਡੀਐੱਸਪੀ, ਏਐੱਸਆਈ ਅਤੇ ਦੋ ਹੋਰਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਇਥੇ ਥਾਣਾ ਸਿਟੀ ਅੱਗੇ ਧਰਨਾ ਅੱਜ ਦਸਵੇਂ ਦਿਨ ਵੀ ਜਾਰੀ ਰਿਹਾ। ਕਥਿਤ ਪੁਲੀਸ ਤਸ਼ੱਦਦ ਤੋਂ ਡੇਢ ਦਹਾਕੇ ਬਾਅਦ ਫੌਤ ਹੋਈ ਕੁਲਵੰਤ ਕੌਰ ਦੀ ਮਾਤਾ ਸੁਰਿੰਦਰ ਕੌਰ ਵੱਲੋਂ ਥਾਣੇ ਅੱਗੇ ਹੀ ਸ਼ੁਰੂ ਕੀਤੀ ਭੁੱਖ ਹੜਤਾਲ ਵੀ ਅੱਜ ਤੀਜੇ ਜਾਰੀ ਰਹੀ। 75 ਸਾਲਾ ਸੁਰਿੰਦਰ ਕੌਰ ਰਸੂਲਪੁਰ ਨੇ ਕਿਹਾ ਕਿ ਪੁਲੀਸ ਅਤੇ ਸਰਕਾਰ ਦੇ ਵਤੀਰੇ ਨੇ ਉਸ ਨੂੰ ਭੁੱਖ ਹੜਤਾਲ ’ਤੇ ਬੈਠਣ ਲਈ ਮਜਬੂਰ ਕੀਤਾ ਹੈ। ਉਸ ਨੇ ਕਿਹਾ ਕਿ ਸੰਗੀਨ ਧਾਰਾਵਾਂ ਦੇ ਮਾਮਲੇ ’ਚ ਨਾਮਜ਼ਦ ਮੁਲਜ਼ਮਾਂ ਨੂੰ ਜੇਲ੍ਹ ਪਿੱਛੇ ਭੇਜਣ ਦੀ ਮੰਗ ’ਤੇ ਉਹ ਦ੍ਰਿੜ੍ਹ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਜਗਤ ਸਿੰਘ ਲੀਲਾਂ, ਕੁੰਢਾ ਸਿੰਘ ਕਾਉਂਕੇ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਸਕੱਤਰ ਜਸਦੇਵ ਸਿੰਘ ਲਲਤੋਂ, ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਦੇ ਆਗੂ ਮਨੋਹਰ ਸਿੰਘ ਝੋਰੜਾਂ ਨੇ ਕਿਹਾ ਕਿ ਪੁਲੀਸ ਅਧਿਕਾਰੀ ਕਾਨੂੰਨ ਨੂੰ ਮਰਜ਼ੀ ਅਨੁਸਾਰ ਵਰਤਦੇ ਹਨ, ਕਿਸੇ ਗਰੀਬ ਨੂੰ ਤਾਂ ਬਿਨਾਂ ਪਰਚਾ ਦਰਜ ਕੀਤੇ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ, ਜਦਕਿ ਇਸ ਮਾਮਲੇ ’ਚ ਡੀਐੱਸਪੀ ਗੁਰਿੰਦਰ ਬੱਲ ਤੇ ਹੋਰਾਂ ਨੂੰ ਬਿਨਾਂ ਜ਼ਮਾਨਤ ਜਾਂ ਅਰੈਸਟ ਸਟੇਅ ਤੋਂ ਗ੍ਰਿਫ਼ਤਾਰੀ ਤੋਂ ਬਾਹਰ ਰੱਖਿਆ ਹੋਇਆ ਹੈ। ਆਗੂਆਂ ਨੇ ਨਵੀਂ ਬਣੀ ਸਰਕਾਰ ਦੇ ਨੁਮਾਇੰਦਿਆਂ ਦੀ ਚੁੱਪੀ ਨੂੰ ਜਨਤਾ ’ਚ ਬੇਨਕਾਬ ਕਰਨ ਲਈ ਚਾਰ ਅਪਰੈਲ ਨੂੰ ਵੱਡੀ ਗਿਣਤੀ ’ਚ ਰੋਸ ਮੁਜ਼ਾਹਰੇ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।