ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 23 ਸਤੰਬਰ
ਹਲਕੇ ਦੇ ਪਿੰਡ ਲੰਮਾ, ਰਸੂਲਪੁਰ, ਹਠੂਰ, ਡੱਲਾ, ਕਾਉਕੇ ਕਲਾਂ ਆਦਿ ਵਿੱਚ ਬੰਦ ਪਏ ਸੇਵਾ ਕੇਂਦਰਾਂ ਨੂੰ ਚਾਲੂ ਕਰਵਾਉਣ ਦੀ ਮੰਗ ਕਰਦੇ ਹੋਏ ਸਬੰਧਤ ਪਿੰਡਾਂ ਦੇ ਸਰਪੰਚ ਗੁਰਮੁਖ ਸਿੰਘ ਸੰਧੂ ਮਾਣੂੰਕੇ ਅਤੇ ਸਾਬਕਾ ਸਰਪੰਚ ਮੇਜਰ ਸਿੰਘ ਚਕਰ ਦੀ ਅਗਵਾਈ ਹੇਠ ਇਕੱਤਰ ਹੋਏ । ਪੰਚਾਂ ਸਰਪੰਚਾਂ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਸੇਵਾ ਕੇਂਦਰ ਸ਼ੁਰੂ ਹੋਣ ਕਾਰਨ ਦਿਹਾਤੀ ਲੋਕਾਂ ਦੀ ਖੱਜਲ-ਖ਼ੁਆਰੀ ਮੁੱਕ ਗਈ ਸੀ, ਜੋ ਇਨ੍ਹਾਂ ਦੇ ਬੰਦ ਹੋਣ ਕਾਰਨ ਮੁੜ ਵੱਧ ਗਈ ਹੈ।
ਉਨ੍ਹਾਂ ਕਿਹਾ ਕਿ ਮਾਣੂੰਕੇ ਵਿੱਚ ਚੱਲ ਰਿਹਾ ਸੇਵਾ ਕੇਂਦਰ ਇਲਾਕੇ ਦੇ ਕਰੀਬ 40 ਪਿੰਡਾਂ ਨੂੰ ਆਪਣੀ ਸੇਵਾ ਪ੍ਰਦਾਨ ਕਰ ਰਿਹਾ ਹੈ ਪਰ ਕੰਮ ਜ਼ਿਆਦਾ ਅਤੇ ਸਟਾਫ ਘੱਟ ਹੋਣ ਕਾਰਨ ਸੇਵਾ ਕੇਂਦਰ ਮੁਲਾਜ਼ਮਾਂ ਅਤੇ ਕੰਮਾਂ-ਕਾਰਾਂ ਲਈ ਆਏ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਤਤਕਾਲੀ ਕਾਂਗਰਸ ਸਰਕਾਰ ਨੇ ਸੇਵਾ ਕੇਂਦਰ ਬੰਦ ਕਰ ਦਿੱਤੇ ਸਨ। ਸੱਤਾਧਾਰੀ ਧਿਰ ਨੇ ਲੋਕਾਂ ਨਾਲ ਸਰਕਾਰ ਬਣਨ ’ਤੇ ਮੁੜ ਚਾਲੂ ਕਰਨ ਦਾ ਵਾਅਦਾ ਕੀਤਾ ਸੀ ਜੋ ਸੱਤ ਮਹੀਨੇ ਬੀਤ ਜਾਣ ’ਤੇ ਵੀ ਪੂਰਾ ਨਹੀਂ ਕੀਤਾ ਗਿਆ। ਅਖ਼ੀਰ ਵਿੱਚ ਉਨ੍ਹਾਂ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੂੰ ਅਪੀਲ ਕੀਤੀ ਕਿ ਪੇਂਡੂ ਖੇਤਰ ਵਿੱਚ ਬੰਦ ਪਏ ਸੇਵਾ ਕੇਦਰਾਂ ਨੂੰ ਚਾਲੂ ਕਰਵਾਉਣ ਲਈ ਸਰਕਾਰ ਨਾਲ ਗੱਲ ਕਰਨ। ਇਸ ਮੌਕੇ ਸੁਖਦੇਵ ਸਿੰਘ ਮਾਣੂੰਕੇ, ਪਿਆਰਾ ਸਿੰਘ, ਅਮਰਜੀਤ ਸਿੰਘ ਮੱਲ੍ਹਾ, ਕਰਨੈਲ ਸਿੰਘ, ਬਿੱਟੂ ਸਿੰਘ, ਜਰਨੈਲ ਸਿੰਘ ਆਦਿ ਹਾਜ਼ਰ ਸਨ। ਉਧਰ, ਸੇਵਾ ਕੇਂਦਰ ਮਾਣੂੰਕੇ ਦੇ ਇੰਚਾਰਜ ਹਰਮਨ ਸਿੰਘ ਨੇ ਵੀ ਮੰਨਿਆ ਕਿ ਜ਼ਿਆਦਾਤਰ ਸੇਵਾ ਕੇਂਦਰ ਬੰਦ ਹੋਣ ਕਾਰਨ ਭੀੜ ਵੱਧ ਗਈ ਹੈ।