ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 20 ਜੁਲਾਈ
ਇਨਕਲਾਬ ਜ਼ਿੰਦਾਬਾਦ ਜਥੇਬੰਦੀ ਦੇ ਆਗੂਆਂ ਦੀ ਅਗਵਾਈ ਹੇਠ ਵੱਖ-ਵੱਖ ਸੰਸਥਾਵਾਂ ਅਤੇ ਇਲਾਕਾ ਵਾਸੀਆਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੱਤਾ ਗਿਆ ਹੈ ਕਿ ਜੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਘਰ ਦੀ ਸਾਰ ਲੈਣ ਲਈ 15 ਅਗਸਤ ਤਕ ਕੋਈ ਕਾਰਵਾਈ ਸ਼ੁਰੂ ਨਾ ਹੋਈ ਤਾਂ ਇਲਾਕਾ ਵਾਸੀ ਇਨਕਲਾਬੀ ਸੰਗਠਨਾਂ ਅਤੇ ਐੱਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਯਾਦਗਾਰ ਨੂੰ ਸਾਂਭਣ ਦੀ ਜ਼ਿੰਮੇਵਾਰੀ ਲੈਣਗੇ।
ਅੱਜ ਡਿਪਟੀ ਕਮਿਸ਼ਨਰ ਨੂੰ ਦਿੱਤੇ ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਸ਼ਹੀਦ ਸਰਾਭਾ ਦਾ ਜੱਦੀ ਘਰ ਸਰਕਾਰ ਦੀ ਅਣਗਹਿਲੀ ਕਾਰਨ ਖੰਡਰ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਰਸ਼ ਕਾਰਨ ਘਰ ਦੀ ਹਾਲਤ ਖ਼ਸਤਾ ਹਾਲ ਹੈ। ਘਰ ਅੰਦਰ ਪਈਆਂ ਕਿਤਾਬਾਂ, ਰਸਾਲੇ ਅਤੇ ਹੋਰ ਵਸਤਾਂ ਖ਼ਰਾਬ ਹੋ ਰਹੀਆਂ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਵੱਖ ਵੱਖ ਸਿਆਸੀ ਪਾਰਟੀਆਂ ਨੇ ਇਮਾਰਤ ਨੂੰ ਸਾਂਭਣ ਲਈ ਵੱਡੇ ਵੱਡੇ ਬਿਆਨ ਦਿੰਦੀਆਂ ਹਨ ਪਰ ਅਮਲ ਵਿਚ ਕੁਝ ਨਹੀਂ ਕਰਦੀਆਂ।
ਇਸ ਮੌਕੇ ਸੁਖਵਿੰਦਰ ਸਿੰਘ ਹਲਵਾਰਾ, ਗੁਰਦੀਪ ਸਿੰਘ ਰਾਜੋਆਣਾ, ਜਸਪ੍ਰੀਤ ਸਿੰਘ, ਪ੍ਰਦੀਪ ਸਿੰਘ ਇਯਾਲੀ, ਜਰਨੈਲ ਸਿੰਘ ਬੈਂਸ, ਪ੍ਰਭਪ੍ਰੀਤ ਸਿੰਘ, ਗੋਰਾ ਬੁਰਜ ਲਿੱਟਾਂ ਤੇ ਰਾਜਾ ਧਾਲੀਆ ਆਦਿ ਵੀ ਹਾਜ਼ਰ ਸਨ।