ਨਿੱਜੀ ਪੱਤਰ ਪ੍ਰੇਰਕ
ਖੰਨਾ, 25 ਅਕਤੂਬਰ
ਜੁਨੈਦ ਰਜ਼ਾ ਵੱਲੋਂ ਪੰਜਾਬ ਵਕਫ਼ ਬੋਰਡ ਦੀ ਚੇਅਰਮੈਨੀ ਛੱਡੇ ਜਾਣ ਉਪਰੰਤ ਹੁਣ ਇਸ ਅਹੁਦੇ ਸਬੰਧੀ ਕਾਂਗਰਸ ਪਾਰਟੀ ਵਿਚ ਘੱਟ ਗਿਣਤੀ ਵਿੰਗ ਅਤੇ ਕਿਸੇ ਪੰਜਾਬ ਵਾਸੀ ਨੂੰ ਹੀ ਬੋਰਡ ਦੀ ਵਾਗਡੋਰ ਸੌਂਪਣ ਦੀ ਮੰਗ ਜ਼ੋਰ ਫੜਨ ਲੱਗੀ ਹੈ। ਇਸ ਦੇ ਨਾਲ-ਨਾਲ ਮੁਸਲਮਾਨ ਭਾਈਚਾਰੇ ਵੱਲੋਂ ਇਹ ਅਹੁਦਾ ਮਾਲੇਰਕੋਟਲਾ ਤੋਂ ਕਿਸੇ ਬਾਹਰਲੇ ਵਿਅਕਤੀ ਨੂੰ ਸੌਂਪਣ ਦੀ ਵੀ ਮੰਗ ਕੀਤੀ ਗਈ। ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਘੱਟ ਗਿਣਤੀ ਵਿੰਗ ਦੀ ਮੀਟਿੰਗ ਚੇਅਰਮੈਨ ਜਨਾਬ ਦਿਲਬਰ ਮੁਹੰਮਦ ਖਾਨ ਦੀ ਅਗਵਾਈ ਹੇਠ ਹੋਈ । ਇਸ ਮੌਕੇ ਆਗੂਆਂ ਨੇ ਕਿਹਾ ਕਿ ਪੰਜਾਬ ਕਾਂਗਰਸ ਵਿਚ ਮੁਸਲਿਮ ਭਾਈਚਾਰਾ ਰੀੜ੍ਹ ਦੀ ਹੱਡੀ ਬਣ ਕੇ ਵਿਚਰਦਾ ਰਿਹਾ ਹੈ, ਪਰ ਉਦੋਂ ਦੁੱਖ ਹੁੰਦਾ ਹੈ ਜਦੋਂ ਮਰਕਜ਼ੀ ਅਦਾਰੇ ਦਾ ਪ੍ਰਬੰਧ ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਦੇ ਦਿੱਤਾ ਜਾਂਦਾ ਹੈ। ਆਗੂਆਂ ਨੇ ਕਿਹਾ ਕਿ ਸਮੁੱਚੀ ਪੰਜਾਬ ਕਾਂਗਰਸ ਲੀਡਰਸ਼ਿਪ ਘੱਟ ਗਿਣਤੀ ਵਿੰਗ ਦੇ ਪੂਰੇ ਢਾਂਚੇ ਨੂੰ ਪੰਜਾਬ ਵਕਫ਼ ਬੋਰਡ ਦੀ ਵਾਂਗਡੋਰ ਬਿਨਾਂ ਕਿਸੇ ਦੇਰੀ ਸੰਭਾਲ ਕੇ ਪੂਰੇ ਪੰਜਾਬੀ ਮੁਸਲਿਮ ਭਾਈਚਾਰੇ ਵਿਚ ਆਪਣਾ ਵਿਸਵਾਸ਼ ਪੱਕਾ ਕਰੇ। ਸ੍ਰੀ ਖਾਨ ਨੇ ਕਿਹਾ ਕਿ ਬੋਰਡ ਵਿਚ ਹੁਣ ਤੱਕ ਜ਼ਿਆਦਾਤਰ ਗੈਰ ਪੰਜਾਬੀ ਹੀ ਅਹੁਦੇਦਾਰ ਰਹੇ ਹਨ ਇਸ ਲਈ ਹੁਣ ਘੱਟ ਗਿਣਤੀਆਂ ਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਜਲਦ ਫੈਸਲਾ ਲਿਆ ਜਾਵੇ।