ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 12 ਸਤੰਬਰ
ਇਥੇ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਵੱਲੋਂ ਸੂਬੇ ਅੰਦਰ ਦੁਧਾਰੂ ਪਸ਼ੂਆਂ ਵਿੱਚ ਫੈਲੀ ਲੰਪੀ ਸਕਿਨ ਬਿਮਾਰੀ ਨੂੰ ਮਹਾਮਾਰੀ ਐਲਾਨਣ ਦੀ ਮੰਗ ਕਰਦਿਆਂ ਪੀੜਤ ਕਿਸਾਨਾਂ ਤੇ ਡੇਅਰੀ ਫਾਰਮਰਾਂ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।
ਲੁਧਿਆਣਾ ਅਤੇ ਮਾਲੇਰਕੋਟਲਾ ਜ਼ਿਲ੍ਹੇ ਅਧੀਨ ਪੈਂਦੇ ਪਿੰਡਾਂ ਵਿੱਚ ਸੂਬਾਈ ਆਗੂ ਬਲਦੇਵ ਲਤਾਲਾ ਦੀ ਅਗਵਾਈ ਹੇਠ ਮੀਟਿੰਗਾਂ ਕਰਨ ਤੋਂ ਬਾਅਦ ਐੱਸਡੀਐੱਮ ਅਹਿਮਦਗੜ੍ਹ ਹਰਬੰਸ ਸਿੰਘ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਜੇ ਮੰਗ ਪੱਤਰ ਵਿੱਚ ਕੁੱਲ ਹਿੰਦ ਕਿਸਾਨ ਸਭਾ ਦੇ ਆਗੂਆਂ ਤੇ ਅਹੁਦੇਦਾਰਾਂ ਨੇ ਰੋਸ ਜਤਾਇਆ ਹੈ ਕਿ ਹਜ਼ਾਰਾਂ ਦੁਧਾਰੂ ਪਸ਼ੂ ਮਰਨ ਦੇ ਬਾਵਜੂਦ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਨੇ ਪੀੜਤ ਪਸ਼ੂ ਮਾਲਕਾਂ ਦੀ ਸਾਰ ਨਹੀਂ ਲਈ। ਹਰ ਰੋਜ਼ ਵੱਡੀ ਗਿਣਤੀ ਵਿੱਚ ਪਸ਼ੂ ਮਰ ਰਹੇ ਹਨ ਤੇ ਪਸ਼ੂਆਂ ਨੂੰ ਦੱਬਣ ਲਈ ਢੁਕਵੇਂ ਪ੍ਰਬੰਧ ਦੀ ਵੱਡੀ ਪੱਧਰ ’ਤੇ ਘਾਟ ਦੇ ਨਾਲ-ਨਾਲ ਹੀ ਮਹਾਮਾਰੀ ਦੀ ਰੋਕਥਾਮ ਅਤੇ ਇਲਾਜ ਦਾ ਵੀ ਕੋਈ ਢੁੱਕਵਾਂ ਪ੍ਰਬੰਧ ਨਹੀਂ ਕੀਤਾ ਗਿਆ। ਵੈਟਰਨਰੀ ਇਲਾਜ ਪ੍ਰਣਾਲੀ ਦਾ ਸਾਰੇ ਸੂਬੇ ਵਿੱਚ ਮੰਦਾ ਹਾਲ ਹੋਣ ਕਾਰਨ, ਜਿੱਥੇ ਕਰੋੜਾਂ ਰੁਪਏ ਦੇ ਪਸ਼ੂ ਮਰੇ ਹਨ, ਉੱਥੇ ਦੁੱਧ ਦਾ ਉਤਪਾਦਨ ਵੀ ਘਟਿਆ ਹੈ। ਇਸ ਤੋਂ ਇਲਾਵਾ ਮਹਿੰਗੇ ਇਲਾਜ ਅਤੇ ਮੁਰਦਾ ਪਸ਼ੂਆਂ ਨੂੰ ਦੱਬਣ ਲਈ ਹਜ਼ਾਰਾਂ ਰੁਪਏ ਖਰਚ ਕਰਨੇ ਪੈ ਰਹੇ ਹਨ। ਕਿਸਾਨ ਸਭਾ ਦੇ ਆਗੂਆਂ ਨੇ ਮੰਗ ਕੀਤੀ ਹੈ ਕਿ ਸਰਕਾਰ ਲੰਪੀ ਸਕਿਨ ਰੋਗ ਸਬੰਧੀ ਗੰਭੀਰ ਹਾਲਤਾਂ ਨੂੰ ਐਮਰਜੈਂਸੀ ਹਾਲਾਤ ਐਲਾਨ ਕੇ ਇਸ ਰੋਗ ਨਾਲ ਮਰੇ ਪਸ਼ੂਆਂ ਦਾ ਇਕ ਲੱਖ ਰੁਪਏ ਪ੍ਰਤੀ ਪਸ਼ੂ ਅਤੇ ਬਿਮਾਰ ਹੋਏ ਪਸ਼ੂ ਦਾ ਪੰਜਾਹ ਹਜ਼ਾਰ ਰੁਪਏ ਪ੍ਰਤੀ ਪਸ਼ੂ ਮੁਆਵਜ਼ਾ ਦੇਵੇ।
ਇਸ ਸਬੰਧੀ ਪੋਸਟ ਮਾਰਟਮ ਦੀ ਸ਼ਰਤ ਸਮੇਤ ਬੇਲੋੜੀਆਂ ਸ਼ਰਤਾਂ ਹਟਾਈਆਂ ਜਾਣ, ਸਰਕਾਰ ਮਹਾਮਾਰੀ ਦੀ ਰੋਕਥਾਮ ਦੇ ਨਾਲ-ਨਾਲ ਮੁਫਤ ਇਲਾਜ ਦਾ ਪਿੰਡ ਪੱਧਰ ਤੱਕ ਪ੍ਰਬੰਧ ਕਰੇ ਅਤੇ ਪਸ਼ੂ ਹਸਪਤਾਲਾਂ ਵਿੱਚ ਡਾਕਟਰਾਂ ਅਤੇ ਫਾਰਮਾਸਿਸਟਾਂ ਦੀਆਂ ਖਾਲੀ ਅਸਾਮੀਆਂ ਨੂੰ ਤੁਰੰਤ ਭਰੇ।
ਇਸ ਮੌਕੇ ਤਹਿਸੀਲ ਪ੍ਰਧਾਨ ਜਗਰਾਜ ਸਿੰਘ ਮਹੇਰਨਾ, ਜਗਰੂਪ ਸਿੰਘ, ਦਰਸ਼ਨ ਸਿੰਘ, ਤਾਲਬਿ ਹੁਸੈਨ, ਇਕਬਾਲ ਸਿੰਘ, ਮਹਿੰਦਰ ਸਿੰਘ , ਗੁਰਿੰਦਰ ਸਿੰਘ ਅਤੇ ਜਰਨੈਲ ਸਿੰਘ ਵੀ ਹਾਜ਼ਰ ਸਨ।