ਪੱਤਰ ਪ੍ਰੇਰਕ
ਸਮਰਾਲਾ, 31 ਮਾਰਚ
ਡੈਮੋਕਰੈਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਜ਼ਿਲਾ ਲੁਧਿਆਣਾ ਦੀ ਪ੍ਰਧਾਨ ਹਰਜੀਤ ਕੌਰ ਸਮਰਾਲਾ ਦੀ ਅਗਵਾਈ ਹੇਠ ਮੁਲਾਜ਼ਮਾਂ ਦਾ ਇੱਕ ਵਫਦ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੂੰ ਮਿਲਿਆ ਅਤੇ ਆਪਣੀਆਂ ਮੰਗਾਂ ਬਾਰੇ ਇਕ ਮੰਗ ਪੱਤਰ ਸੌਂਪਿਆ। ਯੂਨੀਅਨ ਦੇ ਆਗੂਆਂ ਨੇ ਵਿਧਾਇਕ ਨੂੰ ਪਿਛਲੀਆਂ ਸਰਕਾਰਾਂ ਵੱਲੋਂ ਜੰਗਲਾਤ ਮੁਲਾਜ਼ਮਾਂ ਨਾਲ ਕੀਤੀ ਗਈ ਕਥਿਤ ਵਾਅਦਾਖਿਲਾਫੀ ਬਾਰੇ ਦੱਸਿਆ। ਉਨ੍ਹਾਂ ਆਸ ਪ੍ਰਗਟਾਈ ਕਿ ਮੌਜੂਦਾ ਸਰਕਾਰ ਵੱਲੋਂ ਜੰਗਲਾਤ ਮਹਿਕਮੇ ਦੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਕਾਰਵਾਈ ਜਲਦੀ ਆਰੰਭੀ ਜਾਵੇਗੀ। ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਲੰਬੇ ਸੰਘਰਸ਼ ਤੋਂ ਬਾਅਦ ਵੀ ਕੱਚੇ (ਡੇਲੀਵੇਜ) ਵਰਕਰਾਂ ਦੀਆਂ ਮੰਗਾਂ ਸਬੰਧੀ ਪਿਛਲੀਆਂ ਸਰਕਾਰਾਂ ਵੱਲੋਂ ਉਨ੍ਹਾਂ ਨੂੰ ਰੈਗੂਲਰ ਕਰਨ ਸਬੰਧੀ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ।
ਉਨ੍ਹਾਂ ਵਿਧਾਇਕ ਨੂੰ ਸੌਂਪੇ ਮੰਗ ਪੱਤਰ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਅੱਗੇ ਕੱਚੇ ਵਰਕਰਾਂ ਦੀ ਜਾਨ ਦੀ ਰਾਖੀ ਕਰਨ ਦੀ ਵਿਭਾਗੀ ਜ਼ਿੰਮੇਵਾਰੀ ਤੈਅ ਕਰਨ, ਵਰਕਰਾਂ ਨੂੰ ਸੁਰੱਖਿਆ ਕਿੱਟਾਂ, ਸਾਲ ’ਚ ਦੋ ਵਾਰ ਵਰਦੀ, ਦਸਤਾਨੇ, ਤੇ ਔਜਾਰ ਦੇਣ ਦੀ ਅਪੀਲ ਕੀਤੀ।