ਪਾਇਲ (ਦੇਵਿੰਦਰ ਸਿੰਘ ਜੱਗੀ): ਪਿੰਡ ਘੁਡਾਣੀ ਕਲਾਂ ਅਤੇ ਮਕਸੂਦੜਾ ਦੇ ਕਿਸਾਨਾਂ ਦੀ ਅੱਗ ਨਾਲ ਸੜੀ ਕਣਕ ਤੇ ਨਾੜ ਦੇ ਮੁਆਵਜ਼ੇ ਲਈ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਅਤੇ ਪੀੜਤ ਕਿਸਾਨਾਂ ਵੱਲੋਂ ਐੱਸਡੀਐੱਮ ਪਾਇਲ ਦੀਪਜੋਤ ਕੌਰ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ। ਬੀਕੇਯੂ ਡਕੌਂਦਾ ਦੇ ਆਗੂ ਰਾਜਵੀਰ ਸਿੰਘ ਘੁਡਾਣੀ, ਤਰਨਜੀਤ ਸਿੰਘ ਕੂਹਲੀ ਅਤੇ ਪ੍ਰਧਾਨ ਨਿੰਦਰਜੀਤ ਸਿੰਘ ਨੇ ਦੱਸਿਆ ਕਿ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਜੋਰਾ ਸਿੰਘ ਤੇ ਜਾਗਰ ਸਿੰਘ ਦੀ ਡੇਢ ਏਕੜ ਕਣਕ, ਨਗਿੰਦਰ ਸਿੰਘ ਦਾ 3 ਏਕੜ ਨਾੜ, ਦਰਸ਼ਨ ਸਿੰਘ ਦੇ 7 ਏਕੜ, ਬਲਦੇਵ ਸਿੰਘ ਦੇ 2 ਏਕੜ, ਤੇਜਇੰਦਰ ਸਿੰਘ ਦਾ 3 ਏਕੜ ਅਤੇ ਰਮਨਦੀਪ ਸਿੰਘ ਸ਼ਾਹਪੁਰ ਦਾ 3 ਏਕੜ ਨਾੜ ਸੜ ਕੇ ਸੁਆਹ ਹੋ ਗਿਆ ਹੈ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਕੋਲੋਂ ਸੜੀ ਕਣਕ ਦਾ 50,000 ਰੁਪਏ ਪ੍ਰਤੀ ਏਕੜ ਅਤੇ 5,000 ਰੁਪਏ ਪ੍ਰਤੀ ਏਕੜ ਨਾੜ ਦਾ ਮੁਆਵਜ਼ਾ ਮੰਗਿਆ। ਉਨ੍ਹਾਂ ਕਿਹਾ ਕਿ ਬਿਜਲੀ ਬੋਰਡ ਦੀ ਅਣਗਹਿਲੀ ਕਾਰਨ ਸ਼ਾਰਟ ਸਰਕਟ ਹੋਇਆ, ਇਹਨਾਂ ਖਿਲਾਫ਼ ਵੀ ਕਾਰਵਾਈ ਹੋਣੀ ਚਾਹੀਦੀ ਹੈ। ਇਸ ਮੌਕੇ ਮਾਸਟਰ ਗੁਰਦੀਪ ਸਿੰਘ ਸਿਹੋੜਾ, ਬਲਵਿੰਦਰ ਸਿੰਘ ਨਿਜਾਮਪੁਰ, ਜਸਪਾਲ ਸਿੰਘ ਘੁਡਾਣੀ, ਅਮਰਜੀਤ ਸਿੰਘ ਘੁਡਾਣੀ, ਪਰਦੀਪ ਸਿੰਘ ਸਿਆੜ, ਗੁਰਚਰਨ ਸਿੰਘ ਘੁਡਾਣੀ, ਜੱਗਾ ਘੁਡਾਣੀ ਵੀ ਹਾਜ਼ਰ ਸਨ।