ਖੇਤਰੀ ਪ੍ਰਤੀਨਿਧ
ਲੁਧਿਆਣਾ, 23 ਜੂਨ
ਸਿੱਖਿਆ ਵਿਭਾਗ ਵੱਲੋਂ ਪ੍ਰਾਇਮਰੀ ਅਧਿਆਪਕਾਂ ਦੀਆਂ ਬਦਲੀਆਂ ਸਬੰਧੀ ਸਟੇਸ਼ਨ ਚੋਣ ਕਰਨ ਲਈ ਮੌਕਾ ਦਿੰਦਿਆਂ ਅਧਿਆਪਕਾਂ ਨੂੰ ਆਪਣੀ ਬਦਲੀ ਲਈ ਇੱਛਾ ਦੇ ਸਟੇਸ਼ਨ ਆਨਲਾਈਨ ਚੁਣਨ ਦਾ ਮੌਕਾ ਦਿੱਤਾ ਗਿਆ ਸੀ, ਪਰ ਜਦੋਂ ਅਧਿਆਪਕਾਂ ਨੇ ਆਪਣੀ ਆਈ.ਡੀ. ਵਿੱਚ ਸਟੇਸ਼ਨ ਚੁਣਨਾ ਚਾਹਿਆ ਤਾਂ ਕਥਿਤ ਤੌਰ ’ਤੇ ਸੈਂਕੜੇ ਅਧਿਆਪਕ, ਸਰਵਿਸ ਦਾ ਮੇਲ ਨਾ ਹੋਣ ਅਤੇ ਸਕੂਲ ਦੀ ਠਹਿਰ ਘੱਟ ਹੋਣ ਕਾਰਨ ਅਯੋਗ ਕਰਾਰ ਦੇ ਦਿੱਤੇ ਗਏ। ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਸੁਰਿੰਦਰ ਸ਼ਰਮਾ, ਰਮਨਜੀਤ ਸਿੰਘ ਸੰਧੂ ਅਤੇ ਜੰਗਪਾਲ ਸਿੰਘ ਨੇ ਦੱਸਿਆ ਕਿ ਅਧਿਆਪਕਾਂ ਨੂੰ ਵਿਭਾਗ ਵੱਲੋਂ ਸਟੇਸ਼ਨ ਚੋਣ ਤੋਂ ਪਹਿਲਾਂ ਹਰ ਵਾਰੀ ਵੇਰਵੇ ਦਰੁੱਸਤ ਕਰਨ ਦਾ ਮੌਕਾ ਦਿੱਤਾ ਜਾਂਦਾ ਰਿਹਾ ਹੈ, ਪਰ ਇਸ ਵਾਰ ਵਿਭਾਗ ਨੇ ਦਰੁੱਸਤੀ ਦਾ ਮੌਕਾ ਦਿੱਤੇ ਬਿਨਾਂ ਹੀ ਸਟੇਸ਼ਨ ਚੋਣ ਕਰਵਾ ਦਿੱਤੀ ਹੈ। ਆਗੂਆਂ ਗੁਰਮੀਤ ਧਨੋਆ, ਮਨਪ੍ਰੀਤ ਸਮਰਾਲਾ, ਰਾਕੇਸ਼ ਪੁਹੀੜ, ਨਵਗੀਤ ਸਿੰਘ, ਕੁਲਦੀਪ ਸਿੰਘ ਕਾਉਂਕੇ, ਕੁਲਵਿੰਦਰ ਸਿੰਘ ਛੋਕਰਾਂ, ਯਾਦਵਿੰਦਰ ਸਿੰਘ ਅਤੇ ਡੈਮੋਕਰੇਟਿਕ ਮੁਲਾਜ਼ਮ ਫੈੱਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਲੀਲ੍ਹ ਨੇ ਪ੍ਰਾਇਮਰੀ ਅਧਿਆਪਕਾਂ ਦੀਆਂ ਬਦਲੀਆਂ ਸਬੰਧੀ ਫੌਰੀ ਸਮੱਸਿਆ ਹੱਲ ਕਰਨ ਦੀ ਮੰਗ ਕੀਤੀ।