ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 26 ਅਪਰੈਲ
ਬਾਬਾ ਬੰਦਾ ਸਿੰਘ ਬਹਾਦਰ ਗੱਤਕਾ ਅਖਾੜਾ ਵੱਲੋਂ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਅਰਬਨ ਅਸਟੇਟ ਫੇਜ਼ 2 ਦੁੱਗਰੀ ਵਿੱਖੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗਤਕਾ ਸ਼ੋਅ ਕਰਵਾਇਆ ਗਿਆ ਜਿਸ ਵਿੱਚ ਨੌਜਵਾਨ ਬੱਚੇ-ਬੱਚੀਆਂ ਵੱਲੋਂ ਗਤਕਾ ਕਲਾ ਦੇ ਜੌਹਰ ਦਿਖਾਏ ਗਏ।
ਇਸ ਮੌਕੇ ਜ਼ਿਲ੍ਹਾ ਗਤਕਾ ਐਸੋਸੀਏਸ਼ਨ ਦੇ ਮੀਡੀਆ ਸਲਾਹਕਾਰ ਰਣਜੀਤ ਸਿੰਘ ਖਾਲਸਾ ਨੇ ਕਿਹਾ ਕਿ ਮਾਰਸ਼ਲ ਆਰਟ ਤੇ ਅਧਾਰਿਤ ਗਤਕੇ ਦੀ ਖੇਡ ਨੂੰ ਵੱਧ ਤੋ ਵੱਧ ਪ੍ਰਫੁੱਲਤ ਕਰਨ ਲਈ ਜ਼ਿਲ੍ਹਾ ਗਤਕਾ ਐਸੋਸੀਏਸ਼ਨ ਪੂਰੀ ਤਰ੍ਹਾਂ ਯਤਨਸ਼ੀਲ ਹੈ ਤਾਂ ਕਿ ਅਸੀਂ ਆਪਣੀ ਰਵਾਇਤੀ ਜੰਗਜੂ ਖੇਡ ਦੀ ਸੰਭਾਲ ਕਰਕੇ ਇਸ ਨੂੰ ਕੌਮਾਂਤਰੀ ਪੱਧਰ ਦੀ ਖੇਡ ਦਾ ਦਰਜਾ ਦਿਵਾ ਸਕੀਏ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਰਵਿੰਦਰ ਸਿੰਘ ਸੰਧੂ ਅਤੇ ਸਮੂਹ ਅਹੁਦੇਦਾਰਾਂ ਨੇ ਗਤਕਾ ਸ਼ੋਅ ਵਿੱਚ ਆਪਣੇ ਸ਼ਸਤਰਾਂ ਦੇ ਜੌਹਰ ਦਿਖਾਉਣ ਲਈ ਪੁੱਜੇ ਬੱਚੇ ਤੇ ਬੱਚੀਆਂ ਦੀ ਵਿਸ਼ੇਸ਼ ਤੌਰ ਤੇ ਹੌਸਲਾ ਅਫਜ਼ਾਈ ਕੀਤੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਗਤਕਾ ਅਖਾੜਾ ਲੁਧਿਆਣਾ ਦੇ ਪ੍ਰਮੁੱਖ ਭਾਈ ਸੁਖਦੀਪ ਸਿੰਘ ਅਤੇ ਬੀਬੀ ਇੰਦਰਪ੍ਰੀਤ ਕੌਰ ਗਤਕਾ ਕੋਚ ਦੀ ਸ਼ਲਾਘਾ ਕੀਤੀ। ਉਨ੍ਹਾਂ ਗਤਕਾ ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ।