ਨਿੱਜੀ ਪੱਤਰ ਪ੍ਰੇਰਕ
ਖੰਨਾ, 20 ਸਤੰਬਰ
ਸ਼ਹਿਰ ’ਚ ਆਮ ਜਨਤਾ ਲਈ ਜਰਨੈਲੀ ਸੜਕ ਸਮੇਤ ਹੋਰ ਜਨਤਕ ਥਾਵਾਂ ’ਤੇ ਟਾਇਲਟ ਬਣਾਉਣ ਦੀ ਮੰਗ ਲਈ ਸਮਾਜ ਸੇਵੀ ਸੰਸਥਾ ‘ਵੁਆਇਸ ਆਫ਼ ਖੰਨਾ ਸਿਟੀਜ਼ਨ’ ਦੇ ਵਫ਼ਦ ਨੇ ਹਰਪ੍ਰੀਤ ਸਿੰਘ ਪ੍ਰਿੰਸ ਦੀ ਪ੍ਰਧਾਨਗੀ ਹੇਠ ਐੱਸਡੀਐੱਮ ਮਨਜੀਤ ਕੌਰ, ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਅਤੇ ਨਗਰ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ ਨੂੰ ਮੰਗ ਪੱਤਰ ਸੌਂਪੇ। ਉਨ੍ਹਾਂ ਕਿਹਾ ਕਿ ਪਿੰਡਾਂ ਤੋਂ ਇਲਾਵਾ ਦੂਰ ਦੁਰਾਂਡੇ ਤੋਂ ਲੋਕ ਖ੍ਰੀਦੋ ਫਰੋਖਤ ਕਰਨ ਲਈ ਰੋਜ਼ਾਨਾ ਸ਼ਹਿਰ ਵਿਚ ਆਉਂਦੇ ਹਨ, ਪਰ ਜੀਟੀ ਰੋਡ ’ਤੇ ਟਾਇਲਟ ਦਾ ਯੋਗ ਪ੍ਰਬੰਧ ਨਾ ਹੋਣ ਕਾਰਨ ਉਨ੍ਹਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਚਾਹੇ ਤਾਂ ਸਰਹਿੰਦ ਸ਼ਹਿਰ ਵਾਂਗ ਖੰਨਾ ਵਿੱਚ ਬਣੇ ਫਲਾਈਓਵਰ ਹੇਠ ਟਾਇਲਟਸ ਬਣਾਉਣ ਦਾ ਉਪਰਾਲਾ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਪਿਛਲੇ ਸਮੇਂ ਸ਼ਹਿਰ ’ਚ ਕਈ ਥਾਵਾਂ ’ਤੇ ਸਵੱਛ ਭਾਰਤ ਸਕੀਮ ਅਧੀਨ ਰੱਖੀਆਂ ਆਰਜ਼ੀ ਟਾਇਲਟਸ ਦੀ ਹਾਲਤ ਵੀ ਬਹੁਤ ਮਾੜੀ ਹੈ। ਇਸ ਮੌਕੇ ਐਡਵੋਕੇਟ ਮੁਨੀਸ਼ ਖੰਨਾ, ਐਡਵੋਕੇਟ ਰਵੀ ਕੁਮਾਰ, ਐਡਵੋਕੇਟ ਪਰਮਜੀਤ ਸਿੰਘ, ਜਗਰਾਜ ਸਿੰਘ ਬੈਨੀਪਾਲ, ਸੰਜੀਵ ਸਹੋਤਾ, ਕੌਂਸਲਰ ਹਰਦੀਪ ਨੀਨੂੰ ਤੇ ਕਰਮਜੀਤ ਸਿੰਘ ਹਾਜ਼ਰ ਸਨ।