ਡੀਪੀਐੱਸ ਬੱਤਰਾ
ਸਮਰਾਲਾ, 9 ਦਸੰਬਰ
ਸ਼ਹੀਦ ਭਾਈ ਮਨੀ ਸਿੰਘ ਟਕਸਾਲ ਅੰਮ੍ਰਿਤਸਰ ਦੇ ਮੁਖੀ ਬਾਬਾ ਮੱਖਣ ਸਿੰਘ ਨੇ ਦਿੱਲੀ ਅੰਦੋਲਨ ਇਕੱਲੇ ਕਿਸਾਨਾਂ ਦਾ ਨਹੀਂ ਸਗੋਂ ਹਰ ਅਨਾਜ ਖਾਣ ਵਾਲੇ ਦੀ ਲੜਾਈ ਹੈ। ਇਸ ਲਈ ਪੰਜਾਬ ਦੇ ਹਰ ਪਰਿਵਾਰ ਦਾ ਫਰਜ਼ ਹੈ ਕਿ ਉਹ ਕਿਸਾਨਾਂ ਲਈ ਰਾਸ਼ਨ, ਕੱਪੜੇ, ਦਵਾਈਆਂ ਅਤੇ ਜ਼ਰੂਰਤ ਦਾ ਹੋਰ ਸਾਮਾਨ ਉੱਥੇ ਪੁੱਜਦਾ ਕਰੇ। ਸੰਤ ਮੱਖਣ ਸਿੰਘ ਨੇ ਟਕਸਾਲ ਵੱਲੋਂ ਕਿਸਾਨਾਂ ਲਈ ਦੋ ਗੱਡੀਆਂ ਰਸਦ ਅਤੇ ਗਰਮ ਕੱਪੜਿਆਂ ਦੀਆਂ ਭੇਜੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਆਰੰਭੀ ਲੜਾਈ ਵੱਡੀ ਹੈ ਤੇ ਇਹ ਭੱਵਿਖ ਨੂੰ ਬਚਾਉਣ ਵਾਲਾ ਸੰਘਰਸ਼ ਹੈ। ਉਨ੍ਹਾਂ ਧਰਮ ਯੁੱਧ ਮੋਰਚੇ ਵਾਂਗ ਲੜਾਈ ਵਿੱਚ ਡਟੇ ਕਿਸਾਨਾਂ ਲਈ ਹਰ ਪ੍ਰਕਾਰ ਦੀ ਸਹਾਇਤਾ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਮੇਂ-ਸਮੇਂ ’ਤੇ ਹਰ ਮਦਦ ਪੁੱਜਦੀ ਕੀਤੀ ਜਾਵੇਗੀ।
ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਤਰਕਸ਼ੀਲ ਸੁਸਾਇਟੀ ਦੇ ਸੂਬਾਈ ਆਗੂ ਮਾ. ਤਰਲੋਚਨ ਸਿੰਘ ਸਮਰਾਲਾ ਨੇ ਦੱਸਿਆ ਕਿ 12 ਤੇ 13 ਦਸੰਬਰ ਦੋ ਦਿਨ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਕਾਰਕੁਨ ਅੰਦੋਲਨ ਦੀ ਹਮਾਇਤ ਵਿੱਚ ਦਿੱਲੀ ਜਾਣਗੇ।
ਜਗਰਾਉਂ (ਚਰਨਜੀਤ ਸਿੰਘ ਢਿੱਲੋਂ): ਖੇਤੀ ਕਾਨੂੰਨਾਂ ਨੂੰ ਖਾਰਜ਼ ਕਰਵਉਣ ਲਈ ਦਿੱਲੀ ਮੋਰਚੇ ’ਚ ਸ਼ਾਮਲ ਹੋਣ ਵਾਸਤੇ ਪਿੰਡ ਮਲਕ ਤੋਂ ਸਾਬਕਾ ਸਰਪੰਚ ਮਨਜੀਤ ਸਿੰਘ ਦੀ ਅਗਵਾਈ ਹੇਠ ਜਥਾ ਟਰੱਕ ’ਤੇ ਰਵਾਨਾ ਹੋਇਆ। ਪਿੰਡ ਰਸੂਲਪੁਰ ਤੋਂ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਦੀ ਅਗਵਾਈ ਹੇਠ ਜਥਾ ਟਰੈਕਟਰ ਟਰਾਲੀ ’ਤੇ ਰਵਾਨਾ ਹੋਇਆ।
ਕਿਸਾਨਾਂ ਲਈ ਰਸਾਂ ਦਾ ਟਰੱਕ ਭੇਜਿਆ
ਖੰਨਾ (ਜੋਗਿੰਦਰ ਸਿੰਘ ਓਬਰਾਏ): ਸੰਸਥਾ ਦਰਸ਼ਨ ਫੂਡਜ਼ ਵੱਲੋਂ ਮੋਰਚੇ ’ਤੇ ਡਟੇ ਅੰਦੋਲਨਕਾਰੀਆਂ ਲਈ ਇਕ ਹਜ਼ਾਰ ਪੇਟੀਆਂ ਰਸ ਦਾ ਭਰਿਆ ਟਰੱਕ ਦਿੱਲੀ ਰਵਾਨਾ ਕੀਤਾ ਗਿਆ। ਇਸ ਮੌਕੇ ਬੋਲਦਿਆਂ ਕੰਪਨੀ ਦੇ ਐੱਮ.ਡੀ. ਕੈਪਟਨ ਰੁਪਿੰਦਰ ਸਿੰਘ ਨੇ ਕਿਹਾ ਕਿ ਪੰਜਾਬੀ ਹੋਣ ਦੇ ਨਾਤੇ ਉਹ ਕਿਸਾਨ ਅੰਦੋਲਨ ਦੀ ਪੂਰੀ ਹਮਾਇਤ ਕਰਦੇ ਹਨ। ਉਨ੍ਹਾਂ ਕਿ ਹਰ ਵਰਗ ਦੇ ਲੋਕਾਂ ਦਾ ਕਾਰੋਬਾਰ ਕਿਸਾਨੀ ਨਾਲ ਜੁੜਿਆ ਹੋਇਆ ਹੈ, ਇਸੇ ਲਈ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਜਲਦ ਮੰਨ ਕੇ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖੇਤੀ ਭਾਵੇਂ ਅੱਜ ਘਾਟੇ ਦਾ ਵਣਜ ਬਣੀ ਹੋਈ ਹੈ, ਪਰ ਦੇਸ਼ ਦੀ ਆਰਥਿਕਤਾ ਦਾ ਪਹੀਆ ਖੇਤੀ ਨਾਲ ਹੀ ਘੁੰਮਦਾ ਹੈ। ਇਸ ਮੌਕੇ ਗੁਰਮੀਤ ਕੌਰ ਨੇ ਕਿਹਾ ਕਿ ਕਿਸਾਨ ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਲਈ ਘਾਟੇ ਦੀ ਖੇਤੀ ਕਰ ਕੇ ਸਬਰ ਮਹਿਸੂਸ ਕਰਦੇ ਹਨ, ਇਸ ਲਈ ਹਰ ਵਰਗ ਨੂੰ ਕਿਸਾਨੀ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਜੇ ਕਿਸਾਨ ਹੀ ਨਹੀਂ ਰਹੇਗਾ ਤਾਂ ਬਾਕੀ ਵਰਗ ਰੋਟੀ ਨੂੰ ਤਰਸ ਜਾਣਗੇ। ਇਸ ਮੌਕੇ ਸ਼ੰਮੀ ਲੋਮੇਸ਼, ਸੁਰਿੰਦਰ ਸਿੰਘ, ਹਰਜੀਤ ਸਿਘ, ਸੰਦੀਪ ਸਿੰਘ, ਫਿਰੋਜ਼ ਖ਼ਾਨ ਆਦਿ ਹਾਜ਼ਰ ਸਨ।