ਖੇਤਰੀ ਪ੍ਰਤੀਨਿਧ
ਲੁਧਿਆਣਾ, 20 ਜੂਨ
ਅਸਾਮ ਰਾਜ ਦੇ ਮੱਛੀ ਪਾਲਣ ਵਿਭਾਗ ਦੇ ਵਫ਼ਦ ਨੇ ਅੱਜ ਇੱਥੋਂ ਦੀ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦਾ ਦੌਰਾ ਕੀਤਾ, ਜਿਸ ਦਾ ਪ੍ਰਬੰਧ ਖੇਤੀ ਵਪਾਰ ਅਤੇ ਪੇਂਡੂ ਬਦਲਾਅ ਪ੍ਰਾਜੈਕਟ ਤਹਿਤ ਪ੍ਰਾਜੈਕਟ ਦੇ ਅਧਿਕਾਰੀ ਅਤੇ ਅਸਾਮ ਦੇ ਜ਼ਿਲ੍ਹਾ ਮੱਛੀ ਵਿਕਾਸ ਅਫ਼ਸਰ ਡਾ. ਦਰੁਬਿਯਾਜਯੋਤੀ ਸ਼ਰਮਾ ਨੇ ਕੀਤਾ। ਵਫ਼ਦ ਵਿੱਚ ਉਪ-ਨਿਰਦੇਸ਼ਕ ਸੰਜੀਬ ਚੌਧਰੀ, ਤ੍ਰੈਲੋਕਿਯਾ ਸਾਲੋਈ ਤੇ ਜ਼ਿਲ੍ਹਾ ਮੱਛੀ ਵਿਕਾਸ ਅਧਿਕਾਰੀ ਭਾਸਕਰ ਜਯੋਤੀ ਨਾਥ ਸ਼ਾਮਲ ਸਨ। ਇਸ ਦੌਰੇ ਦਾ ਮੁੱਖ ਮੰਤਵ ਯੂਨੀਵਰਸਿਟੀ ਦੇ ਫ਼ਿਸ਼ਰੀਜ਼ ਕਾਲਜ ਦੇ ਵਿਗਿਆਨੀਆਂ ਨਾਲ ਪੰਜਾਬ ਵਿਚ ਉਪਲੱਬਧ ਜਲ ਜੀਵਾਂ ਸਬੰਧੀ ਤਕਨਾਲੋਜੀਆਂ ਅਤੇ ਇਸ ਖੇਤਰ ਵਿਚ ਕੀਤੇ ਜਾ ਰਹੇ ਖੋਜ ਅਤੇ ਵਿਕਾਸ ਕਾਰਜਾਂ ਨੂੰ ਸਮਝਣਾ ਸੀ। ਵਫ਼ਦ ਨੇ ਕਾਲਜ ਦੇ ਵੱਖ ਵੱਖ ਵਿਭਾਗਾਂ ਅਤੇ ਖੋਜ ਫਾਰਮਾਂ ਦਾ ਦੌਰਾ ਕਰਕੇ ਆਧਾਰਭੂਤ ਢਾਂਚੇ, ਸਹੂਲਤਾਂ, ਜੀਵਾਂ ਦੇ ਸਿਹਤ ਪ੍ਰਬੰਧਨ, ਮੱਛੀ ਪ੍ਰਾਸੈਸਿੰਗ ਅਤੇ ਗੁਣਵੱਤਾ ਭਰਪੂਰ ਉਤਪਾਦਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ।