ਖੇਤਰੀ ਪ੍ਰਤੀਨਿਧ
ਲੁਧਿਆਣਾ, 11 ਜੂਨ
ਇੱਥੇ ਖ਼ਾਲਸਾ ਕਾਲਜ ਫਾਰ ਵਿਮੈੱਨ ਵਿੱਚ ਕਰਵਾਏ ਸਾਲਾਨਾ ਡਿਗਰੀ ਵੰਡ ਸਮਾਗਮ ਵਿੱਚ 1168 ਵਿਦਿਆਰਥੀਆਂ ਨੂੰ ਡਿਗਰੀਆਂ ਦੀ ਵੰਡ ਕੀਤੀ ਗਈ ਜਦਕਿ 24 ਵਿਦਿਆਰਥਣਾਂ ਨੂੰ ‘ਰੋਲ ਆਫ਼ ਆਨਰ’ ਦਿੱਤੇ ਗਏ। ਇਸ ਸਮਾਗਮ ਦੀ ਪ੍ਰਧਾਨ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਦੇ ਵੀ ਸੀ ਡਾ. ਕਰਮਜੀਤ ਸਿੰਘ ਨੇ ਕੀਤੀ।
ਕਾਲਜ ਪ੍ਰਿੰਸੀਪਲ ਡਾ. ਮੁਕਤੀ ਗਿੱਲ ਨੇ ਸਾਲਾਨਾ ਰਿਪੋਰਟ ਵਿੱਚ ਦੱਸਿਆ ਕਿ ਵਿਦਿਆਰਥੀਆਂ ਦੀ ਲਗਾਤਾਰ ਮਿਹਨਤ ਸਦਕਾ 2019-20 ਅਤੇ 2020-21 ਵਿੱਚ ਉਨ੍ਹਾਂ ਨੇ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਵਿੱਚ ਕ੍ਰਮਵਾਰ ਵੱਖ-ਵੱਖ 82 ਅਤੇ 79 ਚੋਟੀ ਦੀਆਂ ਦਸ ਪੁਜ਼ੀਸ਼ਨਾਂ ਹਾਸਲ ਕੀਤੀਆਂ। ਸਰੀਰਕ ਸਿੱਖਿਆ ਵਿਭਾਗ ਨੇ 37 ਗੋਲਡ, 31 ਚਾਂਦੀ ਅਤੇ 60 ਕਾਂਸੇ ਦੇ ਤਗ਼ਮੇ ਜਿੱਤੇ ਹਨ। ਕਾਲਜ ਨੇ ਜ਼ੋਨਲ ਦੇ ਨਾਲ-ਨਾਲ ਅੰਤਰ-ਜ਼ੋਨਲ ਯੁਵਕ ਮੇਲੇ ਦੀ ਓਵਰਆਲ ਟਰਾਫੀ ਵੀ ਆਪਣੇ ਨਾਂ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੰਸਥਾ ਵੱਲੋਂ ਵਿਦਿਆਰਥੀਆਂ ਨੂੰ ਸਿਰਫ ਵਿੱਦਿਅਕ ਪੱਖੋਂ ਹੀ ਮਜ਼ਬੂਤ ਨਹੀਂ ਕੀਤਾ ਜਾਂਦਾ ਸਗੋਂ ਉਨ੍ਹਾਂ ਦਾ ਸੰਪੂਰਨ ਵਿਕਾਸ ਕੀਤਾ ਜਾਂਦਾ ਹੈ।
ਇਸ ਮੌਕੇ ਮੁੱਖ ਮਹਿਮਾਨ ਨੇ ਡਿਗਰੀਆਂ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਨੁਸ਼ਾਸਨ ਸਫ਼ਲਤਾ ਦੀ ਕੁੰਜੀ ਹੈ। ਉਨ੍ਹਾਂ ਵਿਦਿਆਰਥਣਾਂ ਨੂੰ ਜੀਵਨ ਦੇ ਸਰਬਪੱਖੀ ਵਿਕਾਸ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਨਿਰਾਸ਼ਾਵਾਦੀ ਸੋਚ ਤੋਂ ਮੁਕਤ ਹੋ ਕਿ ਆਸ਼ਾਵਾਦੀ ਸੋਚ ਅਪਣਾ ਕੇ ਜ਼ਿੰਦਗੀ ਵਿੱਚ ਸਫ਼ਲਤਾ ਦੀਆਂ ਬੁਲੰਦੀਆਂ ਛੂਹਣ ਲਈ ਪ੍ਰੇਰਿਤ ਕੀਤਾ।