ਖੇਤਰੀ ਪ੍ਰਤੀਨਿਧ
ਲੁਧਿਆਣਾ, 18 ਅਪਰੈਲ
ਪੰਜਾਬੀ ਗੀਤਕਾਰ ਮੰਚ ਲੁਧਿਆਣਾ ਵੱਲੋਂ ਪੰਜਾਬੀ ਦੀ ਮਸ਼ਹੂਰ ਲੇਖਿਕਾ ਸਿਮਰਨ ਕੌਰ ਧੁੱਗਾ ਦੀ ਪਲੇਠੀ ਪੁਸਤਕ ‘ਰੂਹ ਦੀਆਂ ਚੀਸਾਂ’ ਪੰਜਾਬੀ ਭਵਨ ਲੁਧਿਆਣਾ ਵਿੱਚ ਰਿਲੀਜ਼ ਕੀਤੀ ਗਈ। ਇਸ ਮੌਕੇ ਪੰਜਾਬੀ ਦੇ ਨਾਮਵਰ ਸ਼ਾਇਰਾਂ, ਗੀਤਕਾਰਾਂ ਅਤੇ ਲੋਕ ਗਾਇਕਾਂ ਨੇ ਭਾਗ ਲਿਆ। ਸਮਾਗਮ ਦੌਰਾਨ ਮੰਚ ਦਾ ਸੰਚਾਲਨ ਕਰਦੇ ਹੋਏ ਪ੍ਰਸਿੱਧ ਗੀਤਕਾਰ ਸਰਬਜੀਤ ਸਿੰਘ ਵਿਰਦੀ ਨੇ ਸਮਾਗਮ ਵਿੱਚ ਸ਼ਾਮਲ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਕਿਤਾਬ ’ਤੇ ਖੁੱਲ੍ਹ ਕੇ ਚਾਨਣਾ ਪਾਇਆ। ਪ੍ਰਸਿਧ ਲੋਕ ਗਾਇਕ ਪਾਲੀ ਦੇਤਵਾਲੀਆ ਨੇ ਲੇਖਿਕਾ ਨੂੰ ਵਧਾਈ ਦਿੰਦਿਆਂ ਉਮੀਦ ਪ੍ਰਗਟਾਈ ਕਿ ਉਹ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੀਆਂ ਵਧੀਆ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਵਿਚ ਪਾਉਂਦੇ ਰਹਿਣਗੇ । ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਹਰਬਖ਼ਸ਼ ਸਿੰਘ ਗਰੇਵਾਲ, ਮਹਿੰਦਰ ਸਿੰਘ ਸੇਖੋਂ, ਬਲਕੌਰ ਸਿੰਘ ਗਿੱਲ, ਰਜਿੰਦਰ ਹੰਸ, ਗਗਨ ਕੁਮਾਰ, ਗੁਲਸ਼ਨ ਕੌਮਲ, ਕੌਰ ਸਿਮੀ, ਕਿੱਕਰ ਡਾਲੇਵਾਲਾ, ਰਾਜਦੀਪ ਤੂਰ, ਅਮਰਜੀਤ ਸ਼ੇਰਪੁਰੀ, ਜੱਗਾ ਗਿੱਲ ਨੱਥੋਹੇੜੀ, ਮੀਤ ਸਕਰੋਂਦੀ, ਸੁਖਵੀਰ ਸੰਧੇ, ਜਸਵਿੰਦਰ ਜੱਸੀ, ਮੋਹਨ ਹਸਨਪੁਰੀ, ਏ ਪੀ ਮੋਰੀਆ, ਟਿੰਕੂ ਖੁਰਾਣਾ ਆਦਿ ਸ਼ਖਸ਼ੀਅਤਾਂ ਹਾਜ਼ਰ ਸਨ।
ਗਜ਼ਲ ਸੰਗ੍ਰਹਿ ‘ਸ਼ਬਦਾਂ ਦੀ ਲੋਅ’ ਦੀ ਘੁੰਡ ਚੁਕਾਈ
ਜਗਰਾਉਂ (ਪੱਤਰ ਪ੍ਰੇਰਕ): ਸਾਹਿਤ ਸਭਾ ਜਗਰਾਉਂ ਨਾਲ ਜੁੜੇ ਸਾਹਿਤਕ ਪ੍ਰੇਮੀਆਂ ਦੀ ਸਾਂਝੀ ਇਕੱਤਰਤਾ ਸਭਾ ਦੇ ਪ੍ਰਧਾਨ ਪ੍ਰਭਜੋਤ ਸੋਹੀ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਕਿਸਾਨੀ ਸੰਘਰਸ਼, ਪੰਜਾਬ ਦੇ ਹਾਲਾਤਾਂ ਬਾਰੇ ਵਿਚਾਰ ਚਰਚਾ ਕੀਤੀ ਗਈ। ਸਭਾ ਦੇ ਸਾਬਕਾ ਪ੍ਰਧਾਨ ਹਰਕੋਮਲ ਬਰਿਆਰ ਵੱਲੋਂ ਰਚੇ ਦੂਸਰੇ ਗਜ਼ਲ ਸੰਗ੍ਰਹਿ ‘ਸ਼ਬਦਾਂ ਦੀ ਲੋਅ’ ਬਾਰੇ ਰਾਜਦੀਪ ਤੂਰ, ਹਰਬੰਸ ਅਖਾੜਾ, ਅਜੀਤ ਪਿਆਸਾ ਅਤੇ ਅਵਤਾਰ ਜਗਰਾਉਂ ਨੇ ਵਿਚਾਰਾਂ ਦੀ ਸਾਂਝ ਪਾਈ ਅਤੇ ਹਰਕੋਮਲ ਬਰਿਆਰ ਨੂੰ ਵਧਾਈ ਦਿੱਤੀ। ਪ੍ਰਧਾਨ ਪ੍ਰਭਜੋਤ ਸੋਹੀ ਅਤੇ ਸਭਾ ਦੇ ਮੈਂਬਰਾਂ ਵੱਲੋਂ ‘ਸ਼ਬਦਾਂ ਦੀ ਲੋਅ’ ਨੂੰ ਲੋਕ ਅਰਪਣ ਕਰਨ ਦੀ ਰਸਮ ਨਿਭਾਈ ਗਈ।