ਲੁਧਿਆਣਾ: ਸਥਾਨਕ ਆਰਟਕੇਵ ਵਿਚ ਕਰਵਾਏ ਸਮਾਗਮ ਵਿੱਚ ਸੁਰਿੰਦਰਪਾਲ ਕੌਰ ਪਰਮਾਰ ਦਾ ਕਾਵਿ ਸੰਗ੍ਰਹਿ ‘ਆਸਾਂ ਦੇ ਦੀਪ’ ਲੋਕ ਅਰਪਣ ਕੀਤਾ ਗਿਆ। ਇਸ ਸਮਾਗਮ ਵਿੱਚ ਚਿੱਤਰਕਾਰ ਸਵਰਨਜੀਤ ਸਵੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਕਵਿਤਾ ਮਨੁੱਖ ਦੀ ਸੰਵੇਦਨਾ ਦਾ ਅੰਦਰੂਨੀ ਪ੍ਰਗਟਾਵਾ ਹੁੰਦਾ ਹੈ। ਜਸਵੀਰ ਝੱਜ ਨੇ ਪੁਸਤਕ ਦੀ ਜਾਣ-ਪਛਾਣ ਕਰਵਾਉਂਦਿਆਂ ਕਿਹਾ ਕਿ ਇਹ ਕਵਿਤਾ ਪਰਮਾਰ ਦੇ ਜੀਵਨ ਦੇ ਸੰਘਰਸ਼ ਦੀ ਕਵਿਤਾ ਹੈ। ਲੇਖਿਕਾ ਨੇ ਕਿਹਾ ਕਿ ਉਸ ਦੇ ਜੀਵਨ ਵਿੱਚ ਸੁਖਾਂਤ ਦੇ ਪਲ ਘੱਟ ਤੇ ਦੁਖਾਂਤ ਦੇ ਪਲ ਸਦਾ ਹੀ ਭਾਰੂ ਰਹੇ। ਡਾ. ਗੁਲਜ਼ਾਰ ਪੰਧੇਰ ਨੇ ਕਿਹਾ ਕਿ ਪੁਸਤਕ ਵਿਚਲੀਆਂ ਕਵਿਤਾਵਾਂ ਸੰਘਰਸ਼ ਨਾਲ ਸਬੰਧਤ ਹੋਣ ਕਰਕੇ ਮਨੁੱਖ ਨੂੰ ਪ੍ਰੇਰਨਾ ਦਿੰਦੀਆਂ ਹਨ। ਬੁੱਧ ਸਿੰਘ ਨੀਲੋਂ ਨੇ ਕਿਹਾ ਕਿ ਪੁਸਤਕ ਮਨੁੱਖ ਨੂੰ ਜਿਊਣ ਦਾ ਬਲ ਬਖਸ਼ਦੀ ਹੈ। ਡਾ. ਪਰਮਜੀਤ ਸੋਹਲ ਨੇ ਕਿਹਾ ਕਿ ਪਰਮਾਰ ਦੀ ਕਵਿਤਾ ਆਸਹੀਣ ਮਨੁੱਖ ਨੂੰ ਉੁਤਸ਼ਾਹ ਦਿੰਦੀ ਹੈ। -ਖੇਤਰੀ ਪ੍ਰਤੀਨਿਧ