ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 15 ਸਤੰਬਰ
ਮਹਿਫ਼ਲ-ਏ-ਅਦੀਬ ਸੰਸਥਾ ਦਾ ਪੁਸਤਕ ਰਿਲੀਜ਼ ਸਮਾਗਮ ਕਰਵਾਇਆ ਗਿਆ। ਸੰਸਥਾ ਦੇ ਪ੍ਰਧਾਨ ਡਾ: ਬਲਦੇਵ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਸ ਇਕੱਤਰਤਾ ਵਿਚ ਲੇਖਕ ਅਮਰੀਕ ਸਿੰਘ ਤਲਵੰਡੀ ਮੁੱਖ ਮਹਿਮਾਨ, ਐਚ. ਐਸ ਡਿੰਪਲ, ਲੇਖਕ ਡਾ: ਨਾਜ਼ਰ ਸਿੰਘ ਮਾਣੂੰਕੇ ਅਤੇ ਮਹਿੰਦਰ ਸਿੰਘ ਤਤਲਾ ਵਿਸ਼ੇਸ਼ ਮਹਿਮਾਨ ਵੱਜੋਂ ਹਾਜ਼ਰ ਹੋਏ। ਜਸਵਿੰਦਰ ਸਿੰਘ ਛਿੰਦਾ ਨੇ ਕਸ਼ਮੀਰ ਅੰਦਰ ਪੰਜਾਬੀ ਮਾਂ ਬੋਲੀ ਪ੍ਰਤੀ ਸਰਕਾਰਾਂ, ਰਾਜਸੀ ਲੋਕਾਂ ਵਲੋਂ ਕੀਤੀ ਜਾ ਰਹੀ ਅਣਦੇਖੀ ਦਾ ਵਿਰੋਧ ਦਰਜ ਕਰਵਾਉਂਦਿਆਂ ਨਿਖੇਧੀ ਕੀਤੀ। ਅਦੀਬਾਂ ਨੇ ਸਾਂਝੇ ਤੌਰ ਤੇ ਮੰਗ ਕੀਤੀ ਕੇ ਪੰਜਾਬੀ ਜ਼ੁਬਾਨ ਪ੍ਰਤੀ ਲਏ ਫੈਸਲੇ ਨੂੰ ਬਿਨਾਂ ਦੇਰੀ ਬਦਲ ਕੇ ਪਹਿਲਾਂ ਦੀ ਤਰ੍ਹਾਂ ਹੀ ਮਾਣ-ਸਤਿਕਾਰ ਬਹਾਲ ਕੀਤਾ ਜਾਵੇ। ਉਪਰੰਤ ਲੇਖਕ ਮਹਿੰਦਰ ਸਿੰਘ ਤਤਲਾ ਦਾ ਪਲੇਠਾ ਨਾਵਲ ‘ਹੱਦ ਤੋਂ ਪਰ੍ਹੇ’ ਅਤੇ ਪ੍ਰਵਾਸੀ ਲੇਖਕ ਜਸਵੰਤ ਸੰਧੂ ਦੀ ਬਾਲ ਸਾਹਿਤ ਨਾਲ ਸਬੰਧਤ ਕਿਤਾਬ ‘ਨਿੱਕੇ-ਨਿੱਕੇ ਤਾਰੇ’ ਨੂੰ ਲੋਕ ਅਰਪਨ ਕੀਤਾ ਗਿਆ। ਅਮਰੀਕ ਸਿੰਘ ਤਲਵੰਡੀ ਨੇ ਕਿਹਾ ਕੇ ਜਸਵੰਤ ਸੰਧੂ ਨੇ ਮਿਹਨਤ ਨਾਲ ਵਿਦੇਸ਼ ‘ਚ ਬੈਠ ਕੇ ਬੱਚਿਆਂ ਲਈ ਸਮਾਂ ਕੱਢਦਿਆਂ ਇਹ ਕਿਤਾਬ ਲਿਖੀ ਹੈ।
ਮੀਟਿੰਗ ’ਚ ਰਚਨਾਵਾਂ ਦਾ ਦੌਰ ਚੱਲਿਆ
ਖੰੰਨਾ (ਜੋਗਿੰਦਰ ਸਿੰਘ ਓਬਰਾਏ): ਇਥੇ ਪੰਜਾਬੀ ਸਾਹਿਬ ਸਭਾ ਦੀ ਮਾਸਿਕ ਇਕੱਤਰਤਾ ਜਰਨੈਲ ਸਿੰਘ ਰਾਮਪੁਰੀ ਦੀ ਪ੍ਰਧਾਨਗੀ ਹੇਠਾਂ ਆਨਲਾਈਨ ਹੋਈ, ਜਿਸ ਵਿਚ ਇਲਾਕੇ ਦੇ ਸਾਹਿਤਕਾਰਾਂ ਨੇ ਹਿੱਸਾ ਲਿਆ। ਰਚਨਾਵਾਂ ਦੇ ਦੌਰ ਵਿਚ ਰਮਨਦੀਪ ਕੌਰ ਨਾਗਰਾ ਨੇ ਕਵਿਤਾ, ਵਰਿੰਦਰ ਨੇ ਕਵਿਤਾ, ਕਰਨੈਲ ਮਾਂਗਟ ਜਟਾਣਾ ਨੇ ਗ਼ਜ਼ਲ, ਗੁਰਵਿੰਦਰ ਸਿੰਘ ਸੰਧੂ ਨੇ ਕਵਿਤਾ, ਹਰਪ੍ਰੀਤ ਸਿਹੌੜਾ ਨੇ ਕਵਿਤਾ, ਮਨਜੀਤ ਕੌਰ ਜੀਤ ਨੇ ਕਵਿਤਾ, ਸਤਵੰਤ ਕੌਰ ਸੁੱਖੀ ਨੇ ਕਵਿਤਾ, ਹਨੀ ਬਡਾਲ਼ੀ ਨੇ ਗੀਤ, ਦਰਸ਼ਨ ਗਿੱਲ ਨੇ ਗੀਤ ਸੁਣਾਏ।